ਛੋਟੇ ਹਾਥੀ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਦਰੜਿਆ, ਮੌਕੇ ''ਤੇ ਮੌਤ
Saturday, Sep 19, 2026 - 06:23 PM (IST)
ਮਲੋਟ (ਵਿਕਾਸ) : ਮਲੋਟ-ਫਾਜ਼ਿਲਕਾ ਰੋਡ ’ਤੇ ਪਿੰਡ ਆਲਮਵਾਲਾ ਦੇ ਬੱਸ ਅੱਡੇ ਨੇੜੇ ਅੱਜ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੈਦਲ ਜਾ ਰਹੇ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਛੋਟਾ ਹਾਥੀ ਚਾਲਕ ਗੱਡੀ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਆਲਮਵਾਲਾ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਵਾਸੀ ਹਰਬੰਸ ਸਿੰਘ ਮੋਦਨ ਸਿੰਘ (55) ਅੱਜ ਸਵੇਰੇ ਸੜਕ ’ਤੇ ਪੈਦਲ ਜਾ ਰਿਹਾ ਸੀ। ਇਸ ਦੌਰਾਨ ਮਲੋਟ ਵਾਲੇ ਪਾਸਿਓਂ ਮੰਜਿਆਂ ਨਾਲ ਲੱਦਿਆ ਇਕ ਛੋਟਾ ਹਾਥੀ ਫਾਜ਼ਿਲਕਾ ਵੱਲ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਚਾਲਕ ਨੇ ਲਾਪਰਵਾਹੀ ਨਾਲ ਪੈਦਲ ਜਾ ਰਹੇ ਹਰਬੰਸ ਸਿੰਘ ਨੂੰ ਪਿੱਛੋਂ ਟੱਕਰ ਮਾਰ ਦਿੱਤੀ ।
ਹਾਦਸੇ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਅਤੇ ਲੋਕਾਂ ਨੇ ਚਾਲਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਡੀ ਛੱਡ ਕੇ ਭੱਜ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਮੌਕੇ ’ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਹਰਬੰਸ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਦੇ ਰਿਸ਼ਤੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਦੇ ਦੋ ਬੱਚੇ ਹਨ ਅਤੇ ਉਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀਬਾੜੀ ਕਰਦਾ ਸੀ। ਤੜਕੇ ਵਾਪਰੇ ਇਸ ਹਾਦਸੇ ਨੇ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ। ਉਧਰ, ਥਾਣਾ ਕਬਰਵਾਲਾ ਪੁਲਿਸ ਨੇ ਛੋਟਾ ਹਾਥੀ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੋਟ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਫਰਾਰ ਚਾਲਕ ਦੀ ਭਾਲ ਸਮੇਤ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
