ਨਸ਼ੇ ਵਾਲੀਆਂ ਦਵਾਈਆਂ ਸਣੇ ਫੜੇ ਗਏ ਰਾਜੇ ਦਾ ਸਾਥੀ ਨੀਰਜ ਚੱਢਾ ਚੜ੍ਹਿਆ ਐੱਸ. ਟੀ. ਐੱਫ. ਦੇ ਹੱਥੇ

Saturday, Jul 21, 2018 - 08:12 AM (IST)

ਨਸ਼ੇ ਵਾਲੀਆਂ ਦਵਾਈਆਂ ਸਣੇ ਫੜੇ ਗਏ ਰਾਜੇ ਦਾ ਸਾਥੀ ਨੀਰਜ ਚੱਢਾ ਚੜ੍ਹਿਆ ਐੱਸ. ਟੀ. ਐੱਫ. ਦੇ ਹੱਥੇ

ਜਲੰਧਰ, (ਕਮਲੇਸ਼)- ਐੈੱਸ. ਟੀ. ਐੱਫ. ਨੇ 1 ਲੱਖ 67 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ, 4400  ਕੈਪਸੂਲ, 75 ਟੀਕੇ ਤੇ ਬਾਈਕ ਸਣੇ ਨੀਰਜ ਕੁਮਾਰ ਵਾਸੀ ਟੈਗੋਰ ਨਗਰ ਵੱਡੀ ਹੈਬੋਵਾਲ ਨੂੰ  ਪਿੰਡ ਸਰਨਾਣਾ ਦੇ ਬੱਸ ਅੱਡੇ ਕੋਲੋਂ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਦੇ ਖਿਲਾਫ ਥਾਣਾ ਪਤਾਰਾ ਵਿਚ ਮਾਮਲਾ ਦਰਜ ਕਰ ਲਿਆ ਹੈ। ਉਥੇ ਮੁਲਜ਼ਮ ਨੂੰ  ਕਿਸੇ ਸਿੰਗਰ ਦਾ ਰਿਸ਼ਤੇਦਾਰ ਵੀ ਦੱਸਿਆ ਜਾ ਰਿਹਾ ਹੈ।
PunjabKesari
ਏ. ਐੱਸ.ਆਈ. ਜਲੰਧਰ ਰੇਂਜ  ਸੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਜੁਲਾਈ ਨੂੰ  ਜਲੰਧਰ ਅਤੇ ਲੁਧਿਆਣਾ ਐੱਸ. ਟੀ. ਐੱਫ. ਦੇ ਜੁਆਇੰਟ ਆਪ੍ਰੇਸ਼ਨ ਵਿਚ ਫੜਿਆ ਗਿਆ ਮਨਿੰਦਰਵੀਰ  ਸਿੰਘ ਉਰਫ ਰਾਜਾ ਹੀ ਨੀਰਜ ਨੂੰ ਨਸ਼ੇ ਵਾਲੀਆਂ ਗੋਲੀਆਂ ਸਪਲਾਈ ਕਰਦਾ ਸੀ। ਏ. ਆਈ. ਜੀ.  ਭੁੱਲਰ ਨੇ ਦੱਸਿਆ ਕਿ ਨੀਰਜ ਦਾ ਫੜਿਆ ਜਾਣਾ ਰਾਜੇ ਦੇ ਫੜੇ ਜਾਣ ਤੋਂ ਬਾਅਦ ਐੱਸ. ਟੀ.  ਐੱਫ. ਦਾ ਫਾਲੋਅਪ ਹੈ। ਪੁਲਸ ਪੁੱਛਗਿੱਛ ਵਿਚ ਪਤਾ ਲੱਗਾ ਕਿ 12ਵੀਂ ਤੱਕ ਪੜ੍ਹਿਆ ਨੀਰਜ  ਮੋਟਰਸਾਈਕਲ ’ਤੇ ਬੋਰੀ ਵਿਚ ਨਸ਼ੇ ਵਾਲੀਆਂ ਦਵਾਈਆਂ ਪੈਕ ਕਰ ਕੇ ਉਨ੍ਹਾਂ ਨੂੰ ਬਿਲਗਾ,  ਤਲਵਣ, ਪਤਾਰਾ ਤੇ ਆਦਮਪੁਰ ਦੇ ਪੈਡਲਰਾਂ ਨੂੰ ਸਪਲਾਈ ਕਰਦਾ ਸੀ। ਨੀਰਜ ਕੋਲੋਂ ਪੁਲਸ ਨੂੰ  ਕਾਬੂ ਕੀਤੀ ਗਈ ਪਲਸਰ ਬਾਈਕ ਦੇ ਵੀ ਉਸ ਕੋਲ ਕਾਗਜ਼ ਨਹੀਂ ਸਨ। 
ਨੀਰਜ ਪਹਿਲਾਂ ਲੁਧਿਆਣਾ  ਵਿਚ ਦਵਾਈਆਂ ਦੀ ਸਪਲਾਈ ਕਰਦਾ ਸੀ ਅਤੇ ਪੈਸਿਆਂ ਦੇ ਲਾਲਚ ਵਿਚ ਉਹ ਪਿਛਲੇ ਦੋ ਸਾਲ ਤੋਂ  ਰਾਜੇ ਕੋਲੋਂ ਨਸ਼ੇ ਵਾਲੀਆਂ ਦਵਾਈਆਂ ਲੈ ਕੇ ਅੱਗੇ ਪੈਡਲਰਾਂ ਨੂੰ ਸਪਲਾਈ ਕਰਨ ਲੱਗਾ। ਜਾਂਚ  ਵਿਚ  ਇਹ ਵੀ ਸਾਹਮਣੇ ਆਇਆ ਹੈ ਕਿ ਯੂ. ਪੀ. ਸਥਿਤ ਫੈਕਟਰੀ ਵਿਚੋਂ ਆਰਡਰ ਕੀਤੀਆਂ ਗਈਆਂ  ਦਵਾਈਆਂ ਦੀ ਖੇਪ ਟਰਾਂਸਪੋਰਟ ਤੋਂ ਇਲਾਵਾ ਰੇਲਵੇ ਰਾਹੀਂ ਵੀ ਆਉਂਦੀ ਸੀ, ਜਿਸ ਨੂੰ  ਅਣਪਛਾਤੇ ਵਿਅਕਤੀ ਦੇ ਨਾਂ ’ਤੇ ਬੁੱਕ ਕਰਾਇਆ ਜਾਂਦਾ ਹੈ। ਏ. ਆਈ. ਜੀ. ਅਨੁਸਾਰ ਮੁਲਜ਼ਮ  ਰਾਜਾ ਕੰਪਨੀ ਕੋਲੋਂ 500 ਡੱਬੇ ਦਵਾਈਆਂ ਦੀ ਬੁਕਿੰਗ ਕਰਦਾ ਸੀ, ਜਿਨ੍ਹਾਂ ਵਿਚੋਂ 100  ਡੱਬਿਆਂ ਦਾ ਬਿੱਲ ਹੀ  ਨਹੀਂ ਹੁੰਦਾ ਸੀ। ਇਸ ਤਰ੍ਹਾਂ 100 ਡੱਬਿਆਂ ਨੂੰ ਨਾਜਾਇਜ਼ ਤੌਰ ’ਤੇ   ਲਿਆਇਆ ਜਾਂਦਾ ਹੈ। ਯੂ. ਪੀ. ਪੁਲਸ ਦੀ ਮਦਦ ਨਾਲ ਜਲਦੀ ਹੀ ਐੱਸ. ਟੀ. ਐੱਫ. ਯੂ. ਪੀ.  ਸਥਿਤ ਵਿਅਕਤੀ ’ਤੇ ਸ਼ਿਕੰਜਾ ਕੱਸੇਗੀ।
ਮੈਡੀਕਲ ਡਲਿਵਰੀ ਨੂੰ ਕਰਵਾਵਾਂਗੇ ਆਨਲਾਈਨ : ਭੁੱਲਰ
ਏ.  ਆਈ. ਜੀ. ਭੁੱਲਰ ਨੇ ਕਿਹਾ ਕਿ ਉਨ੍ਹਾਂ  ਦੀ ਕੋਸ਼ਿਸ਼ ਹੋਵੇਗੀ ਕਿ ਟਰਾਂਸਪੋਰਟ ਜਾਂ ਰੇਲਵੇ  ਵਿਚ ਆਉਣ ਵਾਲੀਆਂ ਸਾਰੀਆਂ ਮੈਡੀਕਲ ਡਲਿਵਰੀਆਂ ਨੂੰ ਆਨਲਾਈਨ ਕਰਵਾਇਆ ਜਾਵੇ ਤਾਂ ਜੋ  ਅਜਿਹੀ ਕਿਸੇ ਵੀ ਡਲਿਵਰੀ ਨੂੰ ਪੁਲਸ ਮੌਕੇ ’ਤੇ ਚੈੱਕ ਕਰ ਸਕੇ ਅਤੇ ਨਸ਼ੇ ਵਾਲੀਆਂ ਦਵਾਈਆਂ  ਦੀ ਸਪਲਾਈ ਲਾਈਨ ਨੂੰ ਤੋੜਿਆ ਜਾ ਸਕੇ। 


Related News