ਨਸ਼ੇੜੀ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰ ਦੀ ਕੀਤੀ ਕੁੱਟ-ਮਾਰ, ਖੋਹੀ ਨਕਦੀ

04/23/2018 6:38:09 AM

ਜਲੰਧਰ, (ਸੁਨੀਲ)- ਥਾਣਾ ਨੰਬਰ 2 ਨੇੜੇ ਪਟੇਲ ਚੌਕ ਤੋਂ ਕਪੂਰਥਲਾ ਚੌਕ ਵੱਲ ਜਾਂਦੀ ਸੜਕ 'ਤੇ ਕਾਰ ਸਵਾਰ 3 ਨਸ਼ੇੜੀਆਂ ਨੇ ਇਕ ਮੋਟਰਸਾਈਕਲ ਸਵਾਰ ਦੀ ਕੁੱਟ-ਮਾਰ ਕਰ ਕੇ ਨਕਦੀ ਤੇ ਹੋਰ ਸਾਮਾਨ ਖੋਹ ਲਿਆ। ਪੀੜਤ ਰੋਸ਼ਨ ਪੁੱਤਰ ਮਨੋਜ ਸਿੰਘ ਨੇ ਦੱਸਿਆ ਕਿ ਉਹ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਹੈ ਤੇ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ ਤੇ ਰਾਤ ਨੂੰ ਡਿਊਟੀ ਕਰਦਾ ਹੈ। 
ਰੋਸ਼ਨ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਜਦ ਉਹ ਸ਼ਨੀਵਾਰ ਰਾਤ ਨੂੰ ਕਰੀਬ 11.30 ਵਜੇ ਘਰੋਂ ਦਫਤਰ ਆ ਰਿਹਾ ਸੀ ਤਾਂ ਥਾਣਾ ਨੰਬਰ 2 ਨੇੜੇ ਵੀ ਪੁਆਇੰਟ 'ਤੇ ਪੁੱਜਾ ਤਾਂ ਸਾਹਮਣਿਓਂ ਆ ਰਹੀ ਇਕ ਕਾਰ ਨਾਲ ਉਸ ਦੀ ਮਾਮੂਲੀ ਟੱਕਰ ਹੋ ਗਈ। ਇਸ ਕਾਰਨ ਉਸ ਦਾ ਮੋਟਰਾਸਾਈਕਲ ਨੁਕਸਾਨਿਆ ਗਿਆ। ਉਸ ਨੇ ਦੱਸਿਆ ਕਿ ਜਦ ਉਹ ਸੰਭਲ ਕੇ ਮੋਟਰਸਾਈਕਲ ਚੁੱਕਣ ਲੱਗਾ ਤਾਂ ਕਾਰ ਸਵਾਰ 3 ਨੌਜਵਾਨ, ਜੋ ਨਸ਼ੇ 'ਚ ਧੁੱਤ ਸਨ, ਨੇ ਉਤਰਦੇ ਹੀ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਉਕਤ ਨੌਜਵਾਨਾਂ ਨੇ ਉਸ ਦਾ ਮੋਬਾਇਲ ਤੋੜ ਦਿੱਤਾ ਅਤੇ ਉਸ ਪਾਸੋਂ ਤਕਰੀਬਨ 3 ਹਜ਼ਾਰ ਰੁਪਏ ਦੀ ਨਕਦੀ ਅਤੇ ਜੇਬ 'ਚ ਮੌਜੂਦ ਹੋਰ ਜ਼ਰੂਰੀ ਕਾਗਜ਼ਾਤ (ਆਧਾਰ ਕਾਰਡ, ਏ. ਟੀ. ਐੱਮ. ਕਾਰਡ, ਲਾਇਸੈਂਸ) ਤੇ ਹੋਰ ਸਾਮਾਨ ਖੋਹ ਲਿਆ। ਜਦ ਮੌਕੇ 'ਤੇ ਲੋਕ ਇਕੱਠੇ ਹੋਣ ਲੱਗੇ ਤਾਂ ਉਕਤ ਤਿੰਨੋਂ ਨੌਜਵਾਨ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਗੱਡੀ 'ਚ ਫਰਾਰ ਹੋ ਗਏ।  ਰੋਸ਼ਨ ਨੇ ਦੱਸਿਆ ਕਿ ਉਸ ਨੇ ਘਟਨਾ ਤੋਂ ਬਾਅਦ ਕੰਟਰੋਲ ਰੂਮ ਦੇ 100 ਨੰਬਰ 'ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ, ਫਿਰ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਥਾਣਾ ਨੰਬਰ 2 ਪੁੱਜਾ ਤੇ ਪੁਲਸ ਨੂੰ ਇਕ ਲਿਖਤੀ ਦਰਖਾਸਤ ਦਿੱਤੀ। 


Related News