ਸਿਟੀ ਸਾਊਥ ਇਲਾਕੇ ’ਚ ‘ਚਿੱਟੇ’ ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜੇ

03/03/2023 1:11:00 PM

ਮੋਗਾ (ਗੋਪੀ ਰਾਊਕੇ) : ਪੰਜਾਬ ਵਿਚ ਸਿਥੈਟਿੰਕ ਡਰੱਗ ‘ਚਿੱਟੇ’ ਦੀ ਸਪਲਾਈ ਰੋਕਣਾ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਵੱਡੀ ਚੁਣੌਤੀ ਹੈ। ਪਿਛਲੇ 15 ਵਰ੍ਹਿਆਂ ਤੋਂ ਤਿੰਨੇ ਮੁੱਖ ਸਿਆਸੀ ਧਿਰਾਂ ਇਸ ਨਸ਼ੇ ਨੂੰ ਖ਼ਤਮ ਕਰਨ ਦੇ ਦਾਅਵਿਆਂ ਨਾਲ ਸੱਤਾ ਵਿਚ ਆਈਆਂ ਪਰ ਨਸ਼ੇ ਦੀ ਵਿਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪੰਜਾਬ ਸਮੇਤ ਮੋਗਾ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿਚ ਇਸ ਨਸ਼ੇ ਦੀ ਵਿਕਰੀ ਕਰਕੇ ਨੌਜਵਾਨ ਵਰਗ ਇਸ ਦੀ ਲਪੇਟ ਵਿਚ ਆ ਰਿਹਾ ਹੈ ਪਰ ਥਾਣਾ ਸਿਟੀ ਸਾਊਥ ਦੇ ਇਲਾਕੇ ਵਿਚ ਇਸ ਨਸ਼ੇ ਦੀ ਵਿਕਰੀ ਨੇ ਸਾਰੇ ਕਥਿਤ ਰਿਕਾਰਡ ਤੋੜ ਦਿੱਤੇ ਹਨ, ਇੱਥੇ ਹੀ ਬੱਸ ਨਹੀਂ ਇਸ ਨਸ਼ੇ ਦੀ ਵਿਕਰੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਕਥਿਤ ਤੌਰ ’ਤੇ ਧਮਕੀਆਂ ਮਿਲਣਾ ਤਾਂ ਆਮ ਗੱਲ ਸੀ ਪਰ ਹੁਣ ਨਸ਼ੇ ਰੋਕਣ ਲਈ ਤਤਪਰ ਲੋਕਾਂ ਦੀ ਕੁੱਟ-ਮਾਰ ਵੀ ਹੋਣ ਲੱਗੀ ਹੈ।

ਮੋਗਾ ਨਿਵਾਸੀ ਕਿਰਨਦੀਪ ਸਿੰਘ ਜੋ ਨਸ਼ਿਆ ਦੇ ਕਥਿਤ ਸਮੱਗਲਰਾਂ ਦੀ ਕੁੱਟ-ਮਾਰ ਦਾ ਸ਼ਿਕਾਰ ਹੋਣ ਮਗਰੋਂ ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਹੈ, ਨੇ ਦੱਸਿਆ ਕਿ ਸਾਧਾਂਵਾਲੀ ਬਸਤੀ ਵਿਚ ਕਥਿਤ ਤੌਰ ’ਤੇ ਨਸ਼ੇ ਅਤੇ ਜੂਏਬਾਜ਼ੀ ਦੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਇਸ ਧੰਦੇ ਵਿਚ ਧਸ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਉਨ੍ਹਾਂ ਨੇ ਇਹ ਕਿਹਾ ਸੀ ਕਿ ਸਾਡੀ ਨੌਜਵਾਨ ਪੀੜ੍ਹੀ ਇਸ ਮਾੜੇ ਰਾਹ ਤੁਰ ਰਹੀ ਹੈ, ਇਸ ਨੂੰ ਬਚਾਇਆ ਜਾਵੇ ਪਰ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਨਸ਼ੇ ਅਤੇ ਜੂਏਬਾਜ਼ੀ ਰੋਕਣ ਲਈ ਆਵਾਜ਼ ਉਠਾਉਣ ਬਦਲੇ ਉਸ ਦੀ ਤਿੰਨ ਦਿਨ ਪਹਿਲਾ ਕੁੱਟ-ਮਾਰ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਕਥਿਤ ਸਮੱਗਲਰਾਂ ਨੇ ਇਸ ਮਗਰੋਂ ਜਦੋਂ ਉਹ ਇਕੱਲਾ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਘੇਰ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਪਾਰਟੀ ਨੇ ਇਹ ਦਾਅਵਾ ਕੀਤਾ ਸੀ ਕਿ ਸਿਥੈਟਿੰਕ ਡਰੱਗ ਨਸ਼ਾ ਇੰਨ-ਬਿੰਨ ਬੰਦ ਕਰਵਾਇਆ ਜਾਵੇਗਾ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਮੋਗਾ ਦੇ ਸਾਧਾਵਾਲੀ ਬਸਤੀ, ਲਾਲ ਸਿੰਘ ਰੋਡ, ਪੁਰਾਣਾ ਮੋਗਾ ਦੇ ਕੁੱਝ ਖ਼ੇਤਰਾਂ ਵਿਚ ਇਸ ਨਸ਼ੇ ਦੀ ਵਿਕਰੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਜੂਏਬਾਜ਼ੀ ਦੀਆਂ ਕਥਿਤ ਬੁੱਕਾਂ ਵੀ ਥਾਂ-ਥਾਂ ਲੱਗੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਜੋ ਮਾਮੂਲੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵੱਡੇ ਰਸੂਖਦਾਨਾਂ ਦੀ ਥਾਂ ਛੋਟੇ ਲੋਕਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਮੰਗ ਕੀਤੀ ਕਿ ਮੇਰੀ ਕੁੱਟ-ਮਾਰ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਰਵਾਈ ਕੀਤੀ ਜਾਵੇ।

ਤਾਸ਼ ਖ਼ੇਡਣ ’ਤੇ ਪਈ ‘ਰੇਡ’, ਡਰਦਾ ਨੌਜਵਾਨ ਭੱਜਿਆ

ਇਸੇ ਦੌਰਾਨ ਹੀ ਥਾਣਾ ਸਿਟੀ ਸਾਊਥ ਦਾ ਬੀਤੇ ਦਿਨੀਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਸੋਨੂੰ ਨੇ ਦੋਸ਼ ਲਗਾਇਆ ਕਿ ਉਹ ਦਾਣਾ ਮੰਡੀ ਵਿਖੇ ਕੰਮ ਕਰਦਾ ਹੈ। ਇਸ ਦੌਰਾਨ ਹੀ ਉੱਥੇ ਕੁਝ ਨੌਜਵਾਨ ਤਾਸ਼ ਖ਼ੇਡ ਰਹੇ ਸਨ ਅਤੇ ਜਦੋਂ ਪੁਲਸ ਵੱਲੋਂ ਰੇਡ ਮਾਰੀ ਗਈ ਤਾਂ ਡਰਦਾ ਮਾਰਾ ਮੈਂ ਵੀ ਭੱਜ ਗਿਆ। ਉਨ੍ਹਾਂ ਕਿਹਾ ਕਿ ਇਸ ਮਗਰੋਂ ਪੁਲਸ ਨਾਲ ਇਕ ਨੌਜਵਾਨ ਜੋ ਸਾਰਾ ਦਿਨ ਥਾਣਾ ਸਿਟੀ ਸਾਊਥ ਦੇ ਅਧਿਕਾਰੀਆਂ ਨਾਲ ਰਹਿੰਦਾ ਹੈ ਅਤੇ ਉਹ ਵਰਦੀਧਾਰੀ ਨਹੀਂ ਸੀ, ਵੱਲੋਂ ਮੇਰੇ ਤੋਂ ਕਥਿਤ ਤੌਰ ’ਤੇ ਪੈਸੇ ਖੋਹੇ ਗਏ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ।

ਥਾਣਾ ਸਿਟੀ ਸਾਊਥ ਦੇ ਮੁੱਖ ਅਫ਼ਸਰ ਦਾ ਪੱਖ

ਇਸੇ ਦੌਰਾਨ ਹੀ ਥਾਣਾ ਸਿਟੀ ਸਾਉੂਥ ਦੇ ਮੁਖੀ ਅਮਨਦੀਪ ਕੰਬੋਜ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਕਿਰਨਦੀਪ ਅਤੇ ਦੂਜੀ ਧਿਰ ਦੇ ਨੌਜਵਾਨ ਆਪਸ ਵਿਚ ਤਾਸ਼ ਖ਼ੇਡਦੇ ਲੜੇ ਹਨ, ਜਿਸ ਸਬੰਧੀ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਸੋਨੂੰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ। ਇਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ ਅਤੇ 9 ਨੌਜਵਾਨ ਫੜੇ ਸਨ। ਉਨ੍ਹਾਂ ’ਤੇ ਹੀ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਰੇਡ ਨੌਜਵਾਨ ਪੁਲਸ ਮੁਲਾਜ਼ਮ ਹਨ। ਉਨ੍ਹਾਂ ਮੰਨਿਆ ਕਿ ਸਾਧਾਂਵਾਲੀ ਬਸਤੀ ’ਤੇ ਕੁਝ ਹੋਰਨਾਂ ਖੇਤਰਾਂ ਵਿਚ ਹਾਲਾਤ ਨਸ਼ੇ ਨੂੰ ਲੈ ਕੇ ਮੰਦੇ ਹਨ, ਪਰ ਫ਼ਿਰ ਵੀ ਪੁਲਸ ਵਲੋਂ ਗੰਭੀਰਤਾ ਨਾਲ ਨਸ਼ੇ ਦੀ ਸਮੱਗਲਿੰਗ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਛਾਪੇਮਾਰੀ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।


Gurminder Singh

Content Editor

Related News