ਗ੍ਰੈਜੂਏਸ਼ਨ ਸੈਰੇਮਨੀ ''ਚ ਵਿਦਿਆਰਥੀ ਪੱਗ ਤੇ ਵਿਦਿਆਰਥਣਾਂ ਪਹਿਣਨਗੀਆਂ ਸਾੜ੍ਹੀ!

Sunday, Sep 17, 2017 - 07:08 AM (IST)

ਗ੍ਰੈਜੂਏਸ਼ਨ ਸੈਰੇਮਨੀ ''ਚ ਵਿਦਿਆਰਥੀ ਪੱਗ ਤੇ ਵਿਦਿਆਰਥਣਾਂ ਪਹਿਣਨਗੀਆਂ ਸਾੜ੍ਹੀ!

ਲੁਧਿਆਣਾ  (ਵਿੱਕੀ) - ਜੇਕਰ ਮਨੁੱਖੀ ਸੋਮਿਆਂ ਤੇ ਵਿਕਾਸ ਮੰਤਰਾਲੇ ਦਾ ਫਾਰਮੂਲਾ ਲਾਗੂ ਹੋ ਗਿਆ ਤਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਹਰ ਸਾਲ ਹੋਣ ਵਾਲੀ ਗ੍ਰੈਜੂਏਸ਼ਨ ਸੈਰੇਮਨੀ ਵਿਚ ਆਪਣੀ ਡਿਗਰੀ ਲੈਣ ਆਉਣ ਵਾਲੇ ਵਿਦਿਆਰਥੀ ਨਵੀਂ ਲੁੱਕ ਵਿਚ ਦਿਖਾਈ ਦੇਣਗੇ।
ਪਿਛਲੇ ਦਿਨੀਂ ਕੇਂਦਰੀ ਮਨੁੱਖੀ ਸੋਮਿਆਂ ਤੇ ਵਿਕਾਸ ਮੰਤਰੀ (ਐੱਮ. ਐੱਚ. ਆਰ. ਡੀ.) ਪ੍ਰਕਾਸ਼ ਜਾਵਡੇਕਰ ਦੀ ਪ੍ਰਧਾਨਗੀ ਵਿਚ ਹੋਈ ਇਕ ਮੀਟਿੰਗ ਦੌਰਾਨ ਗ੍ਰੈਜੂਏਸ਼ਨ ਸੈਰੇਮਨੀ ਵਿਚ ਵਿਦਿਆਰਥੀਆਂ ਵੱਲੋਂ ਗਾਊਨ ਅਤੇ ਟੋਪੀ ਦੀ ਜਗ੍ਹਾ ਹੁਣ ਭਾਰਤੀ ਸੰਸਕ੍ਰਿਤੀ ਦੀ ਝਲਕ ਦਿਖਾਉਣ ਵਾਲੇ ਪਹਿਰਾਵੇ 'ਤੇ ਸਹਿਮਤੀ ਬਣੀ ਹੈ।
ਗਾਊਨ ਦੀ ਰਵਾਇਤ ਕਾਫੀ ਪੁਰਾਣੀ
ਜਾਣਕਾਰੀ ਮੁਤਾਬਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਡਿਗਰੀ ਦੇਣ ਲਈ ਉੱਚ ਸਿੱਖਿਆ ਸੰਸਥਾ ਪ੍ਰਭਾਵਸ਼ਾਲੀ ਸਮਾਗਮ ਕਰਵਾ ਕੇ ਵਿਦਿਆਰਥੀਆਂ ਨੂੰ ਡਿਗਰੀ ਸੌਂਪਦੀ ਹੈ। ਇਸ ਸਮਾਗਮ ਦਾ ਵਿਦਿਆਰਥੀਆਂ ਨੂੰ ਕਾਫੀ ਇੰਤਜ਼ਾਰ ਰਹਿੰਦਾ ਹੈ, ਜਿਸ ਵਿਚ ਉਹ ਬਕਾਇਦਾ ਗਾਊਨ ਤੇ ਟੋਪੀ ਵਿਚ ਸੱਜ ਕੇ ਆਪਣੀ ਡਿਗਰੀ ਪ੍ਰਾਪਤ ਕਰਦੇ ਹਨ। ਇਹ ਰਵਾਇਤ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ, ਜਿਸ 'ਤੇ ਬਦਲਾਅ ਕਰਨ ਲਈ ਕੇਂਦਰ ਸਰਕਾਰ ਨੇ ਕਦਮ ਵਧਾਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸਮਾਗਮ ਵਿਚ ਡਿਗਰੀ ਲੈਣ ਆਉਣ ਵਾਲੇ ਵਿਦਿਆਰਥੀ ਹੁਣ ਸਿਰ 'ਤੇ ਪੱਗ ਜਦਕਿ ਵਿਦਿਆਰਥਣਾਂ ਸਾੜ੍ਹੀ ਪਹਿਨ ਕੇ ਪਹੁੰਚਣਗੀਆਂ।
ਵਿਦਿਆਰਥੀਆਂ ਦੇ ਸੁਝਾਅ 'ਤੇ ਫਾਈਨਲ ਹੋਵੇਗੀ ਡ੍ਰੈੱਸ
ਹਾਲ ਦੀ ਘੜੀ ਤਾਂ ਪਹਿਰਾਵੇ ਸਬੰਧੀ ਸਹਿਮਤੀ ਨਹੀਂ ਬਣੀ ਹੈ ਅਤੇ ਇਸ ਦਾ ਫੈਸਲਾ ਲੈਣ ਦਾ ਡਿਜ਼ਾਈਨ ਵੀ ਦੇ ਸਕਦੇ ਹਨ, ਜਿਸ ਤੋਂ ਬਾਅਦ ਪਹਿਰਾਵੇ ਸਬੰਧੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ ਪਰ ਇਹ ਗੱਲ ਸਾਫ ਹੈ ਕਿ ਸਰਕਾਰ ਉਸੇ ਡਿਜ਼ਾਈਨ ਨੂੰ ਹਰੀ ਝੰਡੀ ਦੇਵੇਗੀ, ਜੋ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦਾ ਹੋਵੇਗਾ।
ਉਂਝ ਤਾਂ ਗ੍ਰੈਜੂਏਸ਼ਨ ਸੈਰੇਮਨੀ ਵਿਚ ਟੋਪੀ ਅਤੇ ਗਾਊਨ ਇੰਟਰਨੈਸ਼ਨਲ ਸਟੈਂਡਰਡ ਦੇ ਮੁਤਾਬਕ ਪਹਿਨਿਆ ਜਾਂਦਾ ਹੈ ਪਰ ਜੇਕਰ ਕੇਂਦਰ ਸਰਕਾਰ ਕੋਈ ਨਵਾਂ ਬਦਲਾਅ ਕਰ ਰਹੀ ਹੈ ਤਾਂ ਇਹ ਚੰਗੀ ਗੱਲ ਹੈ ਕਿਉਂਕਿ ਭਾਰਤੀ ਸੰਸਕ੍ਰਿਤੀ ਦੀ ਝਲਕ ਨਵੀਂ ਪੋਸ਼ਾਕ ਵਿਚ ਦਿਖੇਗੀ। ਅਜਿਹਾ ਵੀ ਹੋ ਸਕਦਾ ਹੈ ਕਿ ਭਾਰਤ ਸਰਕਾਰ ਦੇ ਇਸ ਕਦਮ ਤੋਂ ਬਾਅਦ ਵਿਸ਼ਵ ਦੇ ਹੋਰ ਦੇਸ਼ ਵੀ ਭਾਰਤੀ ਪਹਿਰਾਵੇ ਨੂੰ ਹੀ ਅਪਣਾ ਲੈਣ। ਮੈਂ ਦੇਖਿਆ ਹੈ ਕਿ ਕੈਨੇਡਾ ਦੀਆਂ ਔਰਤਾਂ ਭਾਰਤੀ ਪਹਿਰਾਵਾ ਸਾੜ੍ਹੀ ਪਹਿਨਣਾ ਕਾਫੀ ਪਸੰਦ ਕਰਦੀਆਂ ਹਨ।
- ਡਾ. ਮਹਿੰਦਰ ਕੌਰ ਗਰੇਵਾਲ, ਪ੍ਰਿੰਸੀਪਲ ਸਰਕਾਰੀ ਕੰਨਿਆ ਕਾਲਜ
ਗਾਊਨ ਵਾਲਾ ਕਲਚਰ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚਲਿਆ ਆ ਰਿਹਾ ਹੈ। ਭਾਰਤੀ ਹੋਣ ਦੇ ਬਾਵਜੂਦ ਅਸੀਂ ਵਿਦੇਸ਼ੀ ਕਲਚਰ ਅਪਣਾ ਰਹੇ ਹਾਂ। ਅਜਿਹੇ ਵਿਚ ਜੇਕਰ ਕੇਂਦਰ ਸਰਕਾਰ ਗ੍ਰੈਜੂਏਸ਼ਨ ਸੈਰੇਮਨੀ ਵਿਚ ਭਾਰਤੀ ਸੰਸਕ੍ਰਿਤੀ ਦੀ ਝਲਕ ਪੇਸ਼ ਕਰਦੀ ਪੋਸ਼ਾਕ ਪਹਿਨਣ ਦਾ ਫੈਸਲਾ ਲਾਗੂ ਕਰੇਗੀ ਤਾਂ ਇਹ ਆਪਣੇ ਆਪ ਵਿਚ ਹੀ ਇਕ ਬਦਲਾਅ ਦਾ ਨਵਾਂ ਅਤੇ ਸ਼ਲਾਘਾਯੋਗ ਸੰਕੇਤ ਹੋਵੇਗਾ। ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੋੜਨਾ ਹੀ ਸਾਰੀਆਂ ਸਿੱਖਿਆ ਸੰਸਥਾਵਾਂ ਦੀ ਪਹਿਲ ਹੋਣੀ ਚਾਹੀਦੀ ਹੈ।
- ਡਾ. ਸਵਿਤਾ ਉੱਪਲ, ਪ੍ਰਿੰਸੀਪਲ ਆਰਿਆ ਕਾਲਜ


Related News