ਆਖਰਕਾਰ ਗੌਰਵ ਤੇ ਸਾਥੀਆਂ ਖਿਲਾਫ ਠੱਗੀ ਦਾ ਪਰਚਾ ਹੋਇਆ ਦਰਜ

11/19/2017 10:22:46 AM


ਲੁਧਿਆਣਾ (ਪੰਕਜ) - ਪਿਛਲੇ ਕਈ ਮਹੀਨਿਆਂ ਤੋਂ ਕਮਿਸ਼ਨਰੇਟ ਪੁਲਸ ਨਾਲ ਲੁਕਣ- ਮੀਟੀ ਖੇਡਣ ਵਾਲੇ ਗੌਰਵ ਬਜਾਜ ਅਤੇ ਉਸ ਦੇ ਸਾਥੀਆਂ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਪਰਚਾ ਦਰਜ ਕਰ ਦਿੱਤਾ ਹੈ। ਪੁਲਸ ਲਈ ਚੁਣੌਤੀ ਬਣ ਚੁੱਕੇ ਇਸ ਮੁਲਜ਼ਮ ਨੇ ਕਈ ਅਧਿਕਾਰੀਆਂ ਖਿਲਾਫ ਹਾਈਕੋਰਟ ਵਿਚ ਰਿੱਟ ਵੀ ਦਾਇਰ ਕੀਤੀ ਹੋਈ ਹੈ। ਉਧਰ ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਉਸ ਦੇ ਕਰੀਬੀ ਸਹਿਯੋਗੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਇੰਸਪੈਕਟਰ ਰਜੇਸ਼ ਕੁਮਾਰ ਵੱਲੋਂ ਡਵੀਜ਼ਨ ਨੰ. 5 ਵਿਚ ਦਰਜ ਕਰਵਾਈ ਗਈ ਐੱਫ. ਆਈ. ਆਰ. ਵਿਚ ਗੌਰਵ ਬਜਾਜ, ਉਸ ਦਾ ਮਾਮਾ, ਸੌਰਵ ਡੋਗਰਾ, ਅਕਾਸ਼ ਗੁਪਤਾ, ਗੁਰਮੇਲ ਸਿੰਘ, ਗੁਰਮੀਤ ਸਿੰਘ, ਸਾਹਿਬ ਸਿੰਘ ਅਤੇ ਰਜਿੰਦਰ ਨੂੰ ਨਾਮਜ਼ਦ ਕਰਦੇ ਹੋਏ ਦੋਸ਼ ਲਗਾਇਆ ਗਿਆ ਹੈ ਕਿ ਮੁਲਜ਼ਮ ਲੰਬੇ ਸਮੇਂ ਤੋਂ ਏ. ਟੀ. ਐੱਮ. ਕਾਰਡਾਂ ਰਾਹੀਂ ਬੈਂਕਾਂ ਨਾਲ ਠੱਗੀ ਮਾਰਨ ਦਾ ਕੰਮ ਕਰ ਰਹੇ ਹਨ। ਮੁਲਜ਼ਮ ਆਪਣੇ ਵਾਕਫਕਾਰਾਂ ਦੇ ਨਾਂਵਾਂ 'ਤੇ ਬੈਂਕਾਂ ਵਿਚ ਖਾਤੇ ਖੁੱਲ੍ਹਵਾ ਕੇ ਉਨ੍ਹਾਂ ਦੇ ਏ. ਟੀ. ਐੱਮ. ਆਪਣੇ ਕੋਲ ਰੱਖ ਲੈਂਦੇ ਸਨ। ਉਹ ਏ. ਟੀ. ਐੱਮ. ਮਸ਼ੀਨ ਤੋਂ ਨਕਦੀ ਕੱਢਕੇ ਬਿਜਲੀ ਸਪਲਾਈ ਬੰਦ ਕਰ ਦਿੰਦੇ ਤੇ ਬੈਂਕ ਨੂੰ ਮਸ਼ੀਨ ਤੋਂ ਸਿਰਫ ਰਸੀਦ ਨਿਕਲੀ ਦਿਖਾ ਕੇ ਠੱਗੀ ਮਾਰਨ ਦਾ ਕੰਮ ਕਰ ਰਹੇ ਸਨ।ਇਸ ਕੇਸ ਵਿਚ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪੁਲਸ ਸ਼ਹਿਰ ਵਿਚ ਦੋ ਅਜਿਹੇ ਗਿਰੋਹਾਂ ਨੂੰ ਬੇਨਕਾਬ ਕਰ ਚੁੱਕੀ ਹੈ, ਜੋ ਕਿ ਇਸੇ ਤਰਜ਼ 'ਤੇ ਬੈਂਕਾਂ ਨਾਲ ਠੱਗੀ ਮਾਰਦੇ ਸਨ।

ਗੌਰਵ ਤੇ ਰਿਸ਼ਤੇਦਾਰ ਗਾਇਬ
ਅਸਲ 'ਚ ਪੂਰੀ ਖੇਡ ਇਕ ਹਿੰਦੂ ਆਗੂ ਦੇ ਕਤਲ ਤੋਂ ਬਾਅਦ ਚਰਚਾ ਵਿਚ ਆਈ ਸੀ। ਉਕਤ ਆਗੂ ਦੀ ਕਾਰ 'ਚੋਂ ਵੀ ਪੁਲਸ ਨੂੰ ਭਾਰੀ ਮਾਤਰਾ ਵਿਚ ਏ. ਟੀ. ਐੱਮ. ਕਾਰਡ ਮਿਲੇ ਸਨ। ਕਾਤਲਾਂ ਦੀ ਭਾਲ ਵਿਚ ਜੁਟੀ ਪੁਲਸ ਨੇ ਜਦੋਂ ਵੱਖ-ਵੱਖ ਐਂਗਲਾਂ ਨਾਲ ਜਾਂਚ ਸ਼ੁਰੂ ਕੀਤੀ ਤਾਂ ਗੌਰਵ ਅਤੇ ਉਸ ਦੀ ਟੀਮ ਬੇਨਕਾਬ ਹੋਈ ਪਰ ਪੁਲਸ ਲਈ ਗੌਰਵ ਨੂੰ ਫੜਨਾ ਅਜੇ ਤਕ ਚੁਣੌਤੀ ਬਣਿਆ ਹੋਇਆ ਹੈ।

ਕਈ ਰਹੱਸਾਂ ਤੋਂ ਉੱਠੇਗਾ ਪਰਦਾ
ਲੱਗਭਗ 5 ਮਹੀਨਿਆਂ ਤੋਂ ਪੁਲਸ ਨਾਲ ਲੁਕਣ-ਮੀਟੀ ਖੇਡਣ ਵਾਲੇ ਗੌਰਵ ਦੇ ਕਰੀਬੀਆਂ ਨੂੰ ਪੁਲਸ ਵਲੋਂ ਹਿਰਾਸਤ ਵਿਚ ਲੈਣ ਤੋਂ ਬਾਅਦ ਮੁਲਜ਼ਮ ਵੱਲੋਂ ਇਕ ਹੀ ਰਾਤ ਵਿਚ ਪੰਜ ਪੁਲਸ ਸਟੇਸ਼ਨਾਂ 'ਤੇ ਹਾਈਕੋਰਟ ਦੇ ਵਾਰੰਟ ਜਾਰੀ ਕਰਵਾਏ ਗਏ। ਜਿਵੇਂ-ਜਿਵੇਂ ਪੁਲਸ ਨੇ ਗੌਰਵ ਅਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ, ਓਵੇਂ ਹੀ ਪੁਲਸ ਖਿਲਾਫ ਹਾਈਕੋਰਟ 'ਚ ਰਿੱਟਾਂ ਪਾਉਣ ਅਤੇ ਰਿਸ਼ਤੇਦਾਰਾਂ ਦੇ ਰੂਪੋਸ਼ ਹੋਣ ਦਾ ਕੰਮ ਸ਼ੁਰੂ ਹੋ ਗਿਆ। ਏ. ਟੀ. ਐੱਮ. ਠੱਗੀ ਵਿਚ ਸ਼ਾਮਲ ਗੌਰਵ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਅਤੇ ਉਸ ਨੂੰ ਕਿਸ ਚੀਜ਼ ਤੋਂ ਖਤਰਾ ਸੀ, ਅਜਿਹੇ ਕਈ ਰਹੱਸਾਂ ਤੋਂ ਪਰਦਾ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉੱਠਣਾ ਤੈਅ ਹੈ।

ਹਿੰਦੂ ਆਗੂਆਂ ਦੇ ਨਿਸ਼ਾਨੇ 'ਤੇ ਗੌਰਵ
ਅਸਲ ਵਿਚ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਆਗੂ ਮੀਡੀਆ ਵਿਚ ਗੌਰਵ ਖਿਲਾਫ ਜਿਸ ਢੰਗ ਨਾਲ ਮੋਰਚਾ ਖੋਲ੍ਹੀ ਬੈਠੇ ਸਨ, ਉਸ ਤੋਂ ਪੁਲਸ ਅਧਿਕਾਰੀ ਵੀ ਹੈਰਾਨ ਸਨ। ਉਕਤ ਆਗੂ ਗੌਰਵ ਦੇ ਏ. ਟੀ. ਐੱਮ. ਕਾਂਡ ਤੋਂ ਇਲਾਵਾ ਸੰਗੀਨ ਸਾਜ਼ਿਸ਼ਾਂ ਵਿਚ ਸ਼ਾਮਲ ਹੋਣ ਦੇ ਲਗਾਤਾਰ ਦਾਅਵੇ ਕਰ ਰਹੇ ਸਨ, ਜਿਸ 'ਤੇ ਅਜੇ ਵੀ ਉਹ ਕਾਇਮ ਹਨ। ਇਸ ਵਿਚ ਕਿੰਨਾ ਸੱਚ ਹੈ, ਇਹ ਤਾਂ ਹੁਣ ਗੌਰਵ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।


Related News