ਵਿਦੇਸ਼ ਭੇਜਣ ਦੇ ਨਾਂ ਤੇ 12 ਲੱਖ ਦੀ ਠੱਗੀ, ਵੀਜ਼ਾ, ਟਿਕਟਾਂ ਸਣੇ ਸਭ ਕੁਝ ਨਿਕਲਿਆ ਫਰਜ਼ੀ
Wednesday, Jun 19, 2024 - 05:11 PM (IST)
ਖਰੜ (ਰਣਬੀਰ) : ਜਗਰਾਓਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗ਼ਾਲਿਬ ਕਲਾਂ ਦੇ ਵਸਨੀਕ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ ਉੱਤੇ ਉਸ ਨਾਲ 12 ਲੱਖ ਰੁਪਏ ਦੀ ਠੱਗੀ ਮਾਰ ਰਫੂਚੱਕਰ ਹੋਏ ਇਕ ਫਰਜ਼ੀ ਟਰੈਵਲ ਏਜੰਟ, ਵਿੰਗਸ ਐਂਟਰਪਰਾਈਜ਼, ਐੱਸਸੀਓ -6 ਗੁਲਮੋਹਰ ਕੰਪਲੈਕਸ ਦੇਸੂ ਮਾਜ਼ਰਾ ਕੰਪਨੀ ਦੇ ਮਾਲਕ ਏਕਮਜੀਤ ਸਿੰਘ ਨਾਂ ਦੇ ਵਿਅਕਤੀ ਖ਼ਿਲਾਫ ਥਾਣਾ ਸਿਟੀ ਪੁਲਸ ਨੇ ਧਾਰਾ 420,120ਬੀ ਅਤੇ ਇਮੀਗ੍ਰੇਸ਼ਨ ਐਕਟ 66 ਤਹਿਤ ਮੁਕੱਦਮਾ ਦਰਜ ਕੀਤਾ ਹੈ। ਠੱਗੀ ਦਾ ਸ਼ਿਕਾਰ ਰਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਉਕਤ ਕੰਪਨੀ ਦੇ ਮਾਲਕ ਏਕਮਜੀਤ ਸਿੰਘ ਨਾਲ ਸੰਪਰਕ 'ਚ ਆਇਆ ਸੀ ਜਿਸਨੇ ਸਣੇ ਉਸਦੀ ਘਰਵਾਲੀ ਦੋਵਾਂ ਦਾ ਕੈਨੇਡਾ ਵਿਜ਼ੀਟਰ ਵੀਜ਼ਾ ਲਗਵਾਉਣ ਬਦਲੇ ਉਨ੍ਹਾਂ ਪਾਸੋਂ 15 ਲੱਖ ਰੁਪਏ ਦੀ ਮੰਗ ਕੀਤੀ ਸੀ ਜੋ ਉਸਦੀਆਂ ਗੱਲਾਂ ਉੱਤੇ ਭਰੋਸਾ ਕਰ ਉਨ੍ਹਾਂ ਉਸ ਦੇ ਦਫ਼ਤਰ ਜਾ ਕੇ ਕੁੱਲ 12 ਲੱਖ ਰੁਪਏ ਨਕਦ ਦੇ ਦਿੱਤੇ। ਇਹ ਰਕਮ ਵਸੂਲ ਪਾਉਣ ਸਮੇਂ ਦੋਸ਼ੀ ਵਲੋਂ ਇਕ 12 ਲੱਖ ਰੁਪਏ ਦਾ ਸਕਿਓਰਿਟੀ ਚੈੱਕ ਉਨ੍ਹਾਂ ਨੂੰ ਦਿੱਤਾ ਗਿਆ ਸੀ। ਦੋਸ਼ੀ ਨੂੰ ਪੈਸੇ ਦੇਣ ਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਵੀਜ਼ਾ ਸੰਬੰਧੀ ਕੋਈ ਜਾਣਕਾਰੀ ਨਾ ਮਿਲੀ ਤਾਂ ਉਨ੍ਹਾਂ ਉਸ ਨਾਲ ਗੱਲਬਾਤ ਕੀਤੀ ਤਾਂ ਉਸਨੇ ਫੋਨ ਰਾਹੀ ਉਨ੍ਹਾਂ ਦੇ ਵੀਜ਼ਾ, ਟਿਕਟਾਂ ਸਭ ਭੇਜ ਦਿੱਤੀਆਂ। ਉਨ੍ਹਾਂ ਜਦੋਂ ਉਕਤ ਸਭ ਦੀ ਜਾਂਚ ਕੀਤੀ ਜੋ ਸਭ ਫਰਜ਼ੀ ਨਿਕਲੇ।
ਇਸ ਪਿੱਛੋਂ ਉਨ੍ਹਾਂ ਜਦੋਂ ਦੋਸ਼ੀ ਵਲੋਂ 12 ਲੱਖ ਰੁਪਏ ਦਾ ਦਿੱਤਾ ਗਿਆ ਸਕਿਓਰਿਟੀ ਚੈਕ ਬੈਂਕ ''ਚ ਲਗਾਇਆ ਤਾਂ ਉਹ ਬਾਊਂਸ ਹੋ ਗਿਆ। ਜਿਸ ਬਾਰੇ ਬੈਂਕ ''ਚ ਪਤਾ ਕਰਨ 'ਤੇ ਇਹ ਜਾਣਕਾਰੀ ਵੀ ਸਾਹਮਣੇ ਆਈ ਕਿ ਉਕਤ ਵਿਅਕਤੀ ਦਾ ਖਾਤਾ ਤਾਂ ਬੈਂਕ ਵਲੋਂ 2 ਸਾਲ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਅਖੀਰ ਉਕਤ ਵਲੋਂ ਅੰਜਾਮ ਦਿੱਤੀ ਗਈ ਠੱਗੀ ਦਾ ਪਤਾ ਚੱਲਣ 'ਤੇ ਇਸਦੀ ਸ਼ਿਕਾਇਤ ਐੱਸ. ਐੱਸ. ਪੀ ਮੋਹਾਲੀ ਨੂੰ ਦਿੱਤੀ ਗਈ ਸੀ। ਜਿਸਦੀ ਜਾਂਚ ਪਿੱਛੋਂ ਅਧਿਕਾਰੀ ਦੀਆਂ ਹਿਦਾਇਤਾਂ ਤਹਿਤ ਦੋਸ਼ੀ ਏਕਮਜੀਤ ਸਿੰਘ ਖ਼ਿਲਾਫ ਲੋੜੀਂਦੀ ਕਾਰਵਾਈ ਸਥਾਨਕ ਪੁਲਸ ਵਲੋਂ ਅਮਲ 'ਚ ਲਿਆਂਦੀ ਗਈ ਹੈ।