ਪੰਜਾਬ ਸਰਕਾਰ ਅਨੀਮੀਆ ਦੇ ਖ਼ਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ : ਡਾ. ਬਲਜੀਤ ਕੌਰ

Saturday, Jul 08, 2023 - 05:19 PM (IST)

ਪੰਜਾਬ ਸਰਕਾਰ ਅਨੀਮੀਆ ਦੇ ਖ਼ਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ : ਡਾ. ਬਲਜੀਤ ਕੌਰ

ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ 'ਚ ਪੋਸ਼ਣ ਅਭਿਆਨ ਤਹਿਤ ਕੁਪੋਸ਼ਣ ਅਤੇ ਅਨੀਮੀਆ ਦੇ ਖ਼ਾਤਮੇ ਲਈ 12 ਜੁਲਾਈ ਤੋਂ 12 ਅਗਸਤ, 2023 ਤੱਕ ਵਿਸ਼ੇਸ਼ ਜਾਗਰੂਕਤਾ ਮਹੀਨਾ ਮਨਾਉਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਹੀ ਅਨੀਮੀਆ ਨਾਲ ਲੜਨ ਲਈ ਹਰ ਬੁੱਧਵਾਰ ਨੂੰ ਆਂਗਣਵਾੜੀ ਕੇਂਦਰਾਂ ਵਿਖੇ ਅਨੀਮੀਆ ਦਿਵਸ ਮਨਾਇਆ ਜਾਂਦਾ ਹੈ। ਇਹ ਔਰਤਾਂ, ਕਿਸ਼ੋਰ ਕੁੜੀਆਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਔਰਤਾਂ 'ਚ ਅਨੀਮੀਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ।

ਅਨੀਮੀਆ ਦੇ ਖ਼ਾਤਮੇ ਲਈ ਸੂਬੇ ਭਰ 'ਚ 12 ਜੁਲਾਈ ਤੋਂ 12 ਅਗਸਤ, 2023 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਮੁਹਿੰਮ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ, ਸਿਹਤ ਵਿਭਾਗ ਨਾਲ ਮਿਲ ਕੇ ਪੌਸ਼ਟਿਕ ਪੂਰਕ ਮੁਹੱਈਆ ਕਰਵਾਉਣ ਅਤੇ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਵੇਗੀ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰ. ਬੀ. ਐੱਸ. ਕੇ.) ਦੇ ਸਹਿਯੋਗ ਨਾਲ ਲੋਕਾਂ ਨੂੰ ਅਨੀਮੀਆ ਦੀ ਰੋਕਥਾਮ ਅਤੇ ਇਲਾਜ ਬਾਰੇ ਜਾਗਰੂਕ ਕਰਨ ਲਈ ਨਿਯਮਿਤ ਤੌਰ 'ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

ਮੰਤਰੀ ਨੇ ਦੱਸਿਆ ਕਿ ਮੁਹਿੰਮ ਦੌਰਾਨ, ਵਿਭਾਗ ਲੋਕਾਂ ਨੂੰ ਅਨੀਮੀਆ ਦੇ ਲੱਛਣਾਂ, ਕਾਰਨਾਂ, ਨਤੀਜਿਆਂ ਅਤੇ ਸਮੇਂ ਸਿਰ ਡਾਕਟਰੀ ਦੇਖਭਾਲ ਦੀ ਮਹੱਤਤਾ ਅਤੇ ਟੀਚੇ ਬਾਰੇ ਜਾਗਰੂਕ ਕਰਨ ਲਈ ਆਂਗਣਵਾੜੀ ਕੇਂਦਰਾਂ ਅਤੇ ਮੁਹੱਲਾ ਕਲੀਨਿਕਾਂ 'ਚ ਸਿਹਤ ਕੈਂਪ, ਰੈਲੀਆਂ ਅਤੇ ਹੋਰ ਸਮਾਗਮਾਂ ਦਾ ਆਯੋਜਨ ਕਰੇਗਾ। ਇਸ ਮੁਹਿੰਮ ਦਾ ਉਦੇਸ਼ ਮੌਜੂਦਾ ਵਿੱਤੀ ਸਾਲ ਵਿੱਚ ਅਨੀਮੀਆ ਨੂੰ 2 ਫ਼ੀਸਦੀ ਤੱਕ ਘਟਾਉਣਾ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਨੀਮੀਆ ਇੱਕ ਅਜਿਹੀ ਸਥਿਤੀ ਹੈ, ਜੋ ਖੂਨ 'ਚ ਲਾਲ ਰਕਤਾਣੂਆਂ ਜਾਂ ਹੀਮੋਗਲੋਬਿਨ ਦੀ ਘਾਟ ਕਾਰਨ ਹੁੰਦੀ ਹੈ, ਜਿਸ ਨਾਲ ਕਮਜ਼ੋਰੀ, ਥਕਾਵਟ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ। ਬੱਚਿਆਂ ਅਤੇ ਔਰਤਾਂ 'ਚ ਇਹ ਇੱਕ ਜਨਤਕ ਸਿਹਤ ਚਿੰਤਾ ਹੈ, ਕਿਉਂਕਿ ਇਹ ਉਨ੍ਹਾਂ ਦੇ ਸਰੀਰਕ ਅਤੇ ਬੋਧਾਤਮਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਮਾੜੇ ਵਿਦਿਅਕ ਅਤੇ ਆਰਥਿਕ ਨਤੀਜੇ ਨਿਕਲਦੇ ਹਨ।
 


author

Babita

Content Editor

Related News