ਮੁਸ਼ਕਲ ਦੌਰ ''ਚੋਂ ਲੰਘ ਰਿਹੈ ਪੰਜਾਬ ਦਾ ਸਿੱਖਿਆ ਖੇਤਰ : ਡਾ. ਕਟਾਰੀਆ

11/12/2019 2:02:06 PM

ਚੰਡੀਗੜ੍ਹ (ਭੁੱਲਰ) : ਪੰਜਾਬ ਦਾ ਸਿੱਖਿਆ ਖੇਤਰ ਦੇਸ਼ ਦੇ ਚਾਰ ਵੱਡੇ ਕਾਰਨਾਂ ਕਰ ਕੇ ਸਭ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ। ਇਹ ਗੱਲ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਕਹੀ। ਕਟਾਰੀਆ ਨੇ 4 ਵੱਡੇ ਕਾਰਨ ਦੱਸਦਿਆਂ ਕਿਹਾ ਕਿ ਇਕ ਪਾਸੇ ਜੰਮੂ-ਕਸ਼ਮੀਰ 'ਚ ਕਰਫਿਊ ਕਾਰਨ ਹਜ਼ਾਰਾਂ ਵਿਦਿਆਰਥੀ ਦਾਖਲਿਆਂ ਲਈ ਘਾਟੀ ਤੋਂ ਨਹੀਂ ਆ ਸਕੇ, ਜਦਕਿ ਦੂਜੇ ਪਾਸੇ ਬਿਹਾਰ ਦੇ ਹਜ਼ਾਰਾਂ ਵਿਦਿਆਰਥੀ ਬਿਹਾਰ ਕ੍ਰੈਡਿਟ ਕਾਰਡ ਸਕੀਮ ਦੇ ਬੰਦ ਹੋਣ ਨਾਲ ਕਾਲਜ ਛੱਡ ਕੇ ਵਾਪਸ ਚਲੇ ਗਏ ਹਨ। ਪੰਜਾਬੀ ਵਿਦਿਆਰਥੀ ਆਪਣੀ ਪੜ੍ਹਾਈ ਲਈ ਕੈਨੇਡਾ, ਬ੍ਰਿਟੇਨ ਆਦਿ ਦੇਸ਼ ਜਾ ਰਹੇ ਹਨ ਅਤੇ ਉਮੀਦ ਦੀ ਆਖਰੀ ਕਿਰਨ ਪੰਜਾਬ ਦੇ ਐੱਸ. ਸੀ. ਵਿਦਿਆਰਥੀਆਂ ਤੋਂ ਸੀ, ਜਿਸ 'ਚ ਪੰਜਾਬ ਦੀ 35 ਫੀਸਦੀ ਆਬਾਦੀ ਸ਼ਾਮਲ ਹੈ। ਤਿੰਨ ਸਾਲ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਸ਼ੀ ਨਾ ਮਿਲਣ ਕਾਰਨ ਪੰਜਾਬ ਦੇ ਅਨਏਡਿਡ ਕਾਲਜਾਂ 'ਚ ਐੱਸ. ਸੀ. ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਲਗਭਗ 10,000 ਵਿਦਿਆਰਥੀ ਹਰ ਸਾਲ ਟ੍ਰਾਈਸਿਟੀ, ਅੰਮ੍ਰਿਤਸਰ ਬੈਲਟ ਅਤੇ ਜਲੰਧਰ ਦੇ ਵੱਖ-ਵੱਖ ਕਾਲਜਾਂ 'ਚ ਦਾਖਲਾ ਲੈਂਦੇ ਹਨ ਪਰ ਜੰਮੂ-ਕਸ਼ਮੀਰ 'ਚ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਅਤੇ ਕਰਫਿਊ ਕਾਰਣ ਘਾਟੀ ਦੇ ਹਜ਼ਾਰਾਂ ਵਿਦਿਆਰਥੀ 2019–20 ਸੈਸ਼ਨ ਦੇ ਦਾਖਲਿਆਂ ਲਈ ਕਾਲਜਾਂ 'ਚ ਨਹੀਂ ਜਾ ਸਕੇ। ਉਨ੍ਹਾਂ ਅੰਕੜੇ ਦਿੰਦਿਆਂ ਕਿਹਾ ਕਿ ਹਰ ਸਾਲ ਪੰਜਾਬ ਦੇ 1.50 ਲੱਖ ਤੋਂ ਵੱਧ ਵਿਦਿਆਰਥੀ 12ਵੀਂ ਤੋਂ ਬਾਅਦ ਆਪਣੀ ਉੱਚ ਸਿੱਖਿਆ ਲਈ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ 'ਚ ਜਾ ਰਹੇ ਹਨ। ਇਸ ਦੇ ਨਤੀਜੇ ਵਜੋਂ ਪੰਜਾਬ ਦੇ ਕਈ ਪੁਰਾਣੇ ਇੰਜੀਨੀਅਰਿੰਗ ਕਾਲਜ ਬੰਦ ਹੋ ਗਏ ਹਨ।


Anuradha

Content Editor

Related News