ਵਿਦਿਆਰਥਣਾਂ ਨਾਲ ਛੇੜਛਾੜ ਕਰਨ ਤੋਂ ਭੜਕੇ ਪਿੰਡ ਵਾਸੀਆਂ ਨੇ ਘੇਰਿਆ ਸਕੂਲ, ਅਧਿਆਪਕ ਸਸਪੈਂਡ

Tuesday, May 21, 2019 - 03:47 PM (IST)

ਵਿਦਿਆਰਥਣਾਂ ਨਾਲ ਛੇੜਛਾੜ ਕਰਨ ਤੋਂ ਭੜਕੇ ਪਿੰਡ ਵਾਸੀਆਂ ਨੇ ਘੇਰਿਆ ਸਕੂਲ, ਅਧਿਆਪਕ ਸਸਪੈਂਡ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਸੁਖਪਾਲ ਢਿੱਲੋਂ/ਪਵਨ ਤਨੇਜਾ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਹੂੜਿਆਂਵਾਲੀ ਵਿਖੇ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ, ਜਦੋਂ ਪਿੰਡ ਦੇ ਲੋਕਾਂ ਨੇ ਸਰਕਾਰੀ ਹਾਈ ਸਕੂਲ ਨੂੰ ਘੇਰਾ ਪਾ ਲਿਆ। ਜਾਣਕਾਰੀ ਅਨੁਸਾਰ ਇਕੱਠੇ ਹੋਏ ਲੋਕਾਂ ਦਾ ਦੋਸ਼ ਸੀ ਕਿ ਸਕੂਲ ਦੇ ਡੀ.ਪੀ. ਅਧਿਆਪਕ ਤਲਵਿੰਦਰਜੀਤ ਸਿੰਘ ਨੇ ਸਕੂਲ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਕੇ ਗੁਰੂ ਚੇਲੇ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਇਕੱਠੇ ਹੋਏ ਲੋਕਾਂ ਨੇ ਉਕਤ ਅਧਿਆਪਕ ਨੂੰ ਨੌਕਰੀ ਤੋਂ ਫਾਰਗ ਕਰਨ ਦੀ ਮੰਗ ਕਰਦਿਆਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਇਸ ਦੌਰਾਨ ਸਕੂਲ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਸਿੱਖਿਆ ਵਿਭਾਗ ਦੇ ਕਪਿਲ ਸ਼ਰਮਾ ਮੌਕੇ 'ਤੇ ਪਹੁੰਚੇ ਗਏ, ਜਿਨ੍ਹਾਂ ਨੇ ਪੰਚਾਇਤ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਕਤ ਅਧਿਆਪਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਸਿੱਖਿਆ ਵਿਭਾਗ ਨੇ ਅਧਿਆਪਕ ਨੂੰ ਕੀਤਾ ਸਸਪੈਂਡ 
ਇਸ ਮੌਕੇ ਜਿਸ ਅਧਿਆਪਕ 'ਤੇ ਪਿੰਡ ਵਾਲਿਆਂ ਨੇ ਲੜਕੀਆ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਸਨ, ਉਸ ਅਧਿਆਪਕ ਨੂੰ ਸਿੱਖਿਆ ਵਿਭਾਗ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਗੱਲ ਦੀ ਪੁਸ਼ਟੀ ਕਪਿਲ ਸ਼ਰਮਾ, ਜੋ ਬੱਲਮਗੜ੍ਹ ਵਿਖੇ ਪ੍ਰਿੰਸੀਪਲ ਹਨ ਅਤੇ ਇੱਥੇ ਪੁੱਜੇ ਹੋਏ ਸਨ, ਵਲੋਂ ਕੀਤੀ ਗਈ।

ਪੁਲਸ ਨੇ ਲਏ ਬਿਆਨ, ਕੀਤੀ ਜਾਵੇਗੀ ਕਾਰਵਾਈ 
ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਇੰਸਪੈਕਟਰ ਪ੍ਰਤਾਪ ਸਿੰਘ ਅਤੇ ਥਾਣਾ ਸਿਟੀ ਦੇ ਇੰਸਪੈਕਟਰ ਅਸ਼ੋਕ ਕੁਮਾਰ ਭਾਰੀ ਪੁਲਸ ਫੋਰਸ ਸਮੇਤ ਇਥੇ ਪਹੁੰਚੇ ਹੋਏ ਹਨ, ਜਿਨ੍ਹਾਂ ਵਲੋਂ ਵਿਦਿਆਰਥਣਾਂ ਦੇ ਮਾਪਿਆਂ ਦੇ ਬਿਆਨ ਲਏ ਗਏ। ਪੁਲਸ ਅਧਿਕਾਰੀਆਂ ਵਲੋਂ ਲਏ ਗਏ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਲਿਆਂ ਨੇ ਪੁਲਸ ਅਧਿਕਾਰੀਆਂ ਨੂੰ 19 ਲੜਕੀਆਂ ਦੇ ਨਾਂ ਲਿਖ ਕੇ ਦਿੱਤੇ ਹਨ, ਜਿਨ੍ਹਾਂ 'ਚੋਂ 3 ਕੁੜੀਆਂ ਅੱਗੇ ਆ ਰਹੀਆਂ ਹਨ, ਜੋ ਨੌਵੀ ਜਮਾਤ ਦੀਆਂ ਹਨ।

ਕੀ ਕਹਿਣਾ ਹੈ ਪੰਚਾਇਤ ਦਾ 
ਪਿੰਡ ਦੇ ਸਰਪੰਚ ਮਨਮੋਹਨ ਸਿੰਘ, ਹਰਭਗਵਾਨ ਸਿੰਘ, ਸੁਖਦੇਵ ਸਿੰਘ, ਜੱਸਲ ਸਿੰਘ, ਮਾੜਾ ਸਿੰਘ, ਸ਼ਿਵਰਾਜ ਸਿੰਘ, ਜਗਜੀਤ ਸਿੰਘ ਤੇ ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਪ੍ਰਿੰਸੀਪਲ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਉਕਤ ਸਕੂਲ ਬਹੁਤ ਵਧੀਆ ਚੱਲ ਰਿਹਾ ਸੀ। ਇਕ ਅਧਿਆਪਕ ਨੇ ਆ ਕੇ ਇਸ ਸਕੂਲ ਦੀ ਬਦਨਾਮੀ ਕਰਵਾ ਦਿੱਤੀ। ਦੂਜੇ ਪਾਸੇ ਜਦੋਂ ਉਕਤ ਅਧਿਆਪਕ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਹੀਂ ਹੋ ਸਕਿਆ। ਪਤਾ ਲੱਗਾ ਹੈ ਕਿ ਉਹ ਪਿੰਡ ਸੰਮੇਵਾਲੀ ਦਾ ਹੈ ਅਤੇ ਅੱਜ ਕੱਲ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਹੈ।


author

rajwinder kaur

Content Editor

Related News