ਤੁਗਲਵਾਲ ਵਿਚ ਰੋਜ਼ਾਨਾ ਸ਼ੱਕੀ ਹਾਲਤ ''ਚ ਹੋ ਰਹੀਆਂ ਦਰਜਨ ਪਸ਼ੂਆਂ ਦੀਆਂ ਮੌਤਾਂ

Wednesday, Apr 04, 2018 - 01:28 AM (IST)

ਗੁਰਦਾਸਪੁਰ, (ਵਿਨੋਦ)- ਕਾਹਨੂੰਵਾਨ ਪੁਲਸ ਸਟੇਸ਼ਨ ਅਧੀਨ ਪਿੰਡ ਤੁਗਲਵਾਲ ਵਿਚ ਨਿਹੰਗਾਂ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਹਜ਼ਾਰਾਂ ਗਊਆਂ ਵਿਚੋਂ ਪ੍ਰਤੀਦਿਨ ਦਰਜਨਾਂ ਪਸ਼ੂ ਮਰ ਰਹੇ ਹਨ, ਜਿਸ ਕਾਰਨ ਇਲਾਕੇ ਵਿਚ ਪੈਂਦੇ ਰਿਆੜਕੀ ਕਾਲਜ ਅਤੇ ਸੀਨੀਅਰ ਸਕੂਲ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਲਈ ਵੱਡਾ ਖਤਰਾ ਬਣ ਗਿਆ ਹੈ। ਪਿੰਡ ਦੇ ਆਸ-ਪਾਸ ਨਹਿਰ ਦੇ ਕਿਨਾਰਿਆਂ 'ਤੇ ਦਰਜਨ ਗਊਧਨ ਮ੍ਰਿਤਕ ਪਏ ਹਨ। ਇਸ ਤੋਂ ਇਲਾਵਾ ਇਹ ਮ੍ਰਿਤਕ ਪਸ਼ੂ ਜਗ੍ਹਾ-ਜਗ੍ਹਾ 'ਤੇ ਬੁਰੀ ਤਰ੍ਹਾਂ ਖਿੱਲਰੇ ਪਏ ਹਨ। ਅੱਜ ਜਦੋਂ ਪ੍ਰਭਾਵਿਤ ਤੁਗਲਵਾਲ ਦੇ ਕੋਲ ਇਲਾਕੇ ਵਿਚ ਜਾ ਕੇ ਵੇਖਿਆ ਗਿਆ ਤਾਂ ਪਿੰਡ ਦੀ ਨਹਿਰ, ਬਿਜਲੀ ਘਰ, ਮਿਲਕ ਪਲਾਂਟ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਅਤੇ ਇਕ ਪ੍ਰਾਈਵੇਟ ਸਕੂਲ ਦੇ ਕੋਲ ਕਈ ਸਥਾਨਾਂ 'ਤੇ ਮ੍ਰਿਤਕ ਗਊਆਂ ਤੇ ਹੋਰ ਪਸ਼ੂ ਪਏ ਹੋਏ ਸਨ। 
ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ 10 ਦਿਨਾਂ ਤੋਂ ਭਾਰੀ ਗਿਣਤੀ ਵਿਚ ਗਊਆਂ ਨੂੰ ਲੋਕ ਬਾਬਾ ਬਕਾਲਾ ਤੋਂ ਲੈ ਕੇ ਇਥੇ ਆਏ ਹੋਏ ਸਨ। ਪਸ਼ੂਆਂ ਦੀ ਚੰਗੀ ਤਰ੍ਹਾਂ ਦੇਖ-ਰੇਖ ਨਾ ਹੋਣ ਕਾਰਨ ਰੋਜ਼ ਪਸ਼ੂਆਂ ਦੀ ਵੱਡੀ ਗਿਣਤੀ ਵਿਚ ਮੌਤ ਹੋ ਰਹੀ ਹੈ।ਇਸ ਮੌਕੇ ਮਾਸਟਰ ਮਨਜਿੰਦਰ ਸਿੰਘ ਤੇ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਸ਼ੂਆਂ ਨੂੰ ਨਹਿਰ ਦੇ ਕੰਢੇ ਪਿੰਡ ਵੱਲੋਂ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਮ੍ਰਿਤਕ ਪਸ਼ੂਆਂ ਦੀ ਚਮੜੀ ਉਤਾਰ ਕੇ ਕਾਰੋਬਾਰੀ ਲੋਕ ਲੈ ਕੇ ਜਾ ਰਹੇ ਹਨ। ਪਿੰਡ ਨਿਵਾਸੀਆਂ ਨੇ ਕਿਹਾ ਕਿ ਜੇ ਇਨ੍ਹਾਂ ਮ੍ਰਿਤਕ ਪਸ਼ੂਆਂ ਨੂੰ ਪ੍ਰਸ਼ਾਸਨ ਨੇ ਨਾ ਸੰਭਾਲਿਆ ਤਾਂ ਪਿੰਡ ਵਿਚ ਮਹਾਮਾਰੀ ਫੈਲ ਸਕਦੀ ਹੈ। ਇਸ ਸਬੰਧੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਪ੍ਰਿੰਸੀਪਲ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਮੱਸਿਆ ਦੀ ਲਿਖਤੀ ਸੂਚਨਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਦਿੱਤੀ ਗਈ ਹੈ।
ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਦਾ
ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਜੇ ਕੋਈ ਅਜਿਹੀ ਸਮੱਸਿਆ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਸਬੰਧੀ ਉਹ ਐੱਸ. ਡੀ. ਐੱਮ. ਗੁਰਦਾਸਪੁਰ ਦੀ ਡਿਊਟੀ ਲਾਉਣਗੇ।


Related News