ਸ਼ਰੇਆਮ ਸਾਬਕਾ ਸਰਪੰਚ ''ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਹਾਲਤ ਨਾਜ਼ੁਕ
Monday, Aug 11, 2025 - 07:53 PM (IST)

ਬਟਾਲਾ (ਸਾਹਿਲ, ਬੇਰੀ, ਭਗਤ)-ਸ਼ਹਿਰ ਦੇ ਅੱਡਾ ਦਾਲਮ ਨੰਗਲ ਵਿਖੇ ਅੱਜ ਦਿਨ-ਦਿਹਾੜੇ ਕਾਂਗਰਸ ਦੇ ਇਕ ਸਾਬਕਾ ਸਰਪੰਚ ’ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਜੋਗਾ ਸਿੰਘ ਪੁੱਤਰ ਰਘਬੀਰ ਸਿੰਘ ਨੇ ਦੱਸਿਆ ਕਿ ਉਸਦੀ ਅੱਡਾ ਦਾਲਮ ਨੰਗਲ ਵਿਖੇ ਡਾਕਟਰੀ ਦੀ ਦੁਕਾਨ ਹੈ ਅਤੇ ਦੁਪਹਿਰ ਸਮੇਂ ਉਹ ਆਪਣੀ ਦੁਕਾਨ ਅੰਦਰ ਬੈਠਾ ਹੋਇਆ ਸੀ। ਇਸ ਦੌਰਾਨ ਬੁਲੇਟ-ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਉਸਦੀ ਦੁਕਾਨ ਅੰਦਰ ਦਾਖਲ ਹੋਏ ਅਤੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ ।
ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਦੇ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਸਥਾਨਕ ਲੋਕਾਂ ਵਲੋਂ ਉਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਇਸ ਬਾਰੇ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਹਲਕਾ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਪਣੇ ਸਾਥੀ ਕੋਲ ਸਿਵਲ ਹਸਪਤਾਲ ਵਿਖੇ ਪਹੁੰਚੇ ਅਤੇ ਹਾਲ ਚਾਲ ਜਾਣਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਬਣ ਰਹੇ ਹਨ। ਮਾਨ ਸਾਹਿਬ! ਜਾਗੋ, ਪੰਜਾਬ ਦੇ ਲੋਕ ਅਤੇ ਦੁਕਾਨਦਾਰ ਗੋਲੀਆਂ ਦੇ ਸਾਏ ਹੇਠ ਜੀਅ ਰਹੇ ਹਨ ਅਤੇ ਲਾਅ ਐਂਡ ਆਰਡਰ ਸਥਿਤੀ ਨੂੰ ਕਾਇਮ ਕਰੋ ਤਾਂ ਜੋ ਆਮ ਆਦਮੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਕੰਵਲਪ੍ਰੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।