ਦਾਜ ’ਚ ਕਾਰ ਨਾ ਲਿਆਉਣ ’ਤੇ ਸਹੁਰਿਆਂ ਨੇ ਵਿਖਾਏ ਤੇਵਰ, ਗਰਭਵਤੀ ਨੂੰਹ ਨੂੰ ਕੀਤਾ ਹਾਲੋ-ਬੇਹਾਲ

04/16/2021 4:31:43 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਗਰਭਵਤੀ ਵਿਆਹੁਤਾ ਨੂੰ ਕਾਰ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਪੁਲਸ ਨੇ ਪਤੀ ਅਤੇ ਸੱਸ ਸਮੇਤ 5 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਲਵਲੀਨ ਕੌਰ ਪੁੱਤਰੀ ਚਮਨ ਲਾਲ ਵਾਸੀ ਕੰਗਣਾ ਬੇਟ ਨੇ ਦੱਸਿਆ ਕਿ ਉਸ ਦਾ ਵਿਆਹ 15 ਜਨਵਰੀ, 2020 ਨੂੰ ਪਿੰਡ ਬਾਗੋਵਾਲ ਵਾਸੀ ਵਿਨੋਦ ਕੁਮਾਰ ਪੁੱਤਰ ਉਂਕਾਰ ਚੇਚੀ ਨਾਲ ਧਾਰਮਿਕ ਰੀਤਾਂ ਤਹਿਤ ਸੰਪੰਨ ਹੋਇਆ ਸੀ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਉਸ ਨੇ ਦੱਸਿਆ ਕਿ ਉਸ ਦਾ ਵਿਆਹ ਇਕ ਪੈਲਸ ’ਚ ਕੀਤਾ ਗਿਆ ਸੀ, ਜਿਸ ’ਤੇ ਕਰੀਬ 10 ਲੱਖ ਰੁਪਏ ਦਾ ਖ਼ਰਚਾ ਕੀਤਾ ਗਿਆ ਸੀ। ਉਸ ਦੇ ਮਾਪਿਆਂ ਵੱਲੋਂ ਪਤੀ, ਸੱਸ ਅਤੇ ਹੋਰ ਰਿਸ਼ਤੇਦਾਰਾਂ ਨੂੰ ਸੋਨੇ ਦੇ ਗਹਿਣੇ ਅਤੇ ਕੀਮਤੀ ਤੋਹਫ਼ਿਆਂ ਤੋਂ ਇਲਾਵਾ 51 ਹਜ਼ਾਰ ਅਤੇ 31 ਹਜ਼ਾਰ ਰੁਪਏ ਦੀਆਂ ਨੂੰ ਐੱਫ. ਡੀ. ਆਰ. ਵੀ ਦਾਜ ’ਚ ਦਿੱਤੇ ਸਨ ਪਰ ਸਹੁਰੇ ਪਰਿਵਾਰ ਵੱਲੋਂ ਵਿਆਹ ਦੇ ਕੁਝ ਹੀ ਦਿਨ੍ਹਾਂ ਉਪਰੰਤ ਉਸ ਨੂੰ ਕਾਰ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸ ਦਾ ਪਤੀ ਮਹਾਰਾਸ਼ਟਰ ’ਚ ਨੌਕਰੀ ਕਰਦਾ ਹੈ। ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕਰਕੇ ਕਈ ਵਾਰ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਪੰਚਾਇਤ ਕਰਨ ਜਾਂ ਪਤੀ ਵੱਲੋਂ ਆਪਣੀ ਗਲਤੀ ਮੰਨ ਲੈਣ ਉਪਰੰਤ ਮੁੜ ਸਹੁਰੇ ਘਰ ਵੀ ਲੈ ਆਉਂਦੇ ਸਨ ਪਰ ਉਨ੍ਹਾਂ ਦਾ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ।

ਇਹ ਵੀ ਪੜ੍ਹੋ : ਜਲੰਧਰ ਦੇ ਰੁੜਕਾ ਕਲਾਂ ਪਿੰਡ ਦੀ ਪਹਿਲ, ਬਰਸਾਤੀ ਪਾਣੀ ਨੂੰ ਬਚਾਉਣ ਲਈ ਛੱਤ ’ਤੇ ਲਾਇਆ ‘ਵਾਟਰ ਰਿਚਾਰਜ ਪਲਾਂਟ’

ਉਸ ਨੇ ਦੱਸਿਆ ਕਿ ਉਸ ਦੇ ਗਰਭਵਤੀ ਹੋਣ ’ਤੇ ਉਸ ਦੇ ਪਤੀ ਨੇ ਉਸ ਦਾ ਜੱਚਾ-ਬੱਚਾ ਕਾਰਡ ਨਹੀਂ ਬਣਾਉਣ ਦਿੱਤਾ। 6 ਮਹੀਨਿਆਂ ਦੀ ਗਰਭਵਤੀ ਹੋਣ ’ਤੇ ਜਦੋਂ ਸਿਹਤ ਮੁਲਾਜ਼ਮ ਉਨ੍ਹਾਂ ਦਾ ਕਾਰਡ ਬਣਾਉਣ ਲਈ ਘਰ ਆਏ ਤਾਂ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸਗੋਂ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਪੇਕੇ ਪਰਿਵਾਰ ਤੋਂ ਉਸ ਦੀ ਮਾਤਾ ਅਤੇ ਉਸ ਦੇ ਭਰਾ ਦੇ ਆਉਣ ’ਤੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ’ਚ ਇਲਾਜ ਭਰਤੀ ਕਰਵਾਉਣਾ ਪਿਆ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਦੇ ਦੋਸ਼ੀ ਸਹੁਰਾ ਪਰਿਵਾਰ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਅਤੇ ਉਸ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਉਪਰੋਕਤ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕਾਠਗੜ੍ਹ ਦੀ ਪੁਲਸ ਨੇ ਪਤੀ ਵਿਨੋਦ ਕੁਮਾਰ, ਜੇਠ-ਜੇਠਾਣੀ ਸੀਮਾ ਪਤਨੀ ਚਰਨਜੀਤ, ਨਿੰਦੀ ਪਤਨੀ ਅਸ਼ਵਨੀ ਅਤੇ ਸੱਸ ਸੀਤਾ ਰਾਣਾ ਪਤਨੀ ਉਂਕਾਰ ਸਿੰਘ ਖ਼ਿਲਾਫ਼ ਧਾਰਾ 323, 498-ਏ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News