ਪਤੀ ਤੇ ਸੱਸ ਦੀ ਘਟੀਆ ਕਰਤੂਤ, ਦਾਜ ਖਾਤਿਰ ਕੀਤੀ ਵਿਆਹੁਤਾ ਦੀ ਬੇਰਹਿਮੀ ਨਾਲ ਕੁੱਟਮਾਰ
Thursday, Oct 08, 2020 - 03:40 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਵਿਆਹੁਤਾ ਦੇ ਪਤੀ ਅਤੇ ਸੱਸ ਖ਼ਿਲਾਫ਼ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਮਨੀਸ਼ਾ ਪੁੱਤਰੀ ਰਾਜਿੰਦਰ ਕੁਮਾਰ ਵਾਸੀ ਪਿੰਡ ਮਹਿਰਮਪੁਰ ਨੇ ਦੱਸਿਆ ਕਿ ਉਸ ਦਾ ਵਿਆਹ 21 ਮਈ 2013 ਨੂੰ ਗਗਨਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲੁਧਿਆਣਾ ਨਾਲ ਮਾਹਲ ਖੁਰਦ ਸਥਿਤ ਇਕ ਪੈਲੇਸ 'ਚ ਧਾਰਮਿਕ ਰੀਤੀ ਰਿਵਾਜ਼ਾਂ ਤਹਿਤ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਪਹਿਲਾ ਉਸ ਦੇ ਸਹੁਰਾ ਪਰਿਵਾਰ ਨੇ ਦਾਜ 'ਚ ਕੋਈ ਚੀਜ਼ ਲੈਣ ਤੋਂ ਸਾਫ਼ ਇਨਕਾਰੀ ਕੀਤੀ ਸੀ ਪਰ ਰਿਸ਼ਤਾ ਹੋਣ ਤੋਂ ਬਾਅਦ ਉਨ੍ਹਾਂ ਆਪਣੀਆਂ ਮੰਗਾ ਦੱਸਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ
ਉਸ ਨੇ ਦੱਸਿਆ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਵਿਆਹ 'ਚ ਖਰਚਾ ਕੀਤਾ ਅਤੇ ਸਹੁਰਾ ਪਰਿਵਾਰ ਨੂੰ ਸੋਨੇ ਦੇ ਗਹਿਣੇ ਸਣੇ ਕੀਮਤੀ ਤੋਹਫੇ ਅਤੇ ਸਾਰਾ ਘਰੇਲੂ ਸਾਮਾਨ ਵੀ ਦਿੱਤਾ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰਾ ਪਰਿਵਾਰ ਦਾ ਵਤੀਰਾ ਬਦਲ ਗਿਆ ਤਾਂ ਉਹ ਹੋਰ ਦਾਜ ਦੀ ਮੰਗ ਕਰਨ ਲੱਗ ਗਏ। ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਦੀ ਕੁੱਟਮਾਰ ਨੂੰ ਲੈ ਕੇ ਉਸ ਨੇ 2015 ਅਤੇ 2019 'ਚ ਪੁਲਸ ਸ਼ਿਕਾਇਤ ਕੀਤੀ ਸੀ, ਜਿਸ ਵਿਚ ਪਤੀ ਵੱਲੋਂ ਗਲਤੀ ਮੰਨਣ 'ਤੇ ਸਮਝੌਤਾ ਹੋ ਗਿਆ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਵਿਆਹ ਸਮਾਗਮ ਦੌਰਾਨ ਗੈਂਗਸਟਰ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਵੀਡੀਓ ਵਾਇਰਲ
12 ਜਨਵਰੀ, 2020 ਨੂੰ ਉਸ ਦੇ ਸਹੁਰੇ ਦੀ ਮੌਤ ਹੋ ਗਈ। ਅੰਤਿਮ ਰਸਮਾਂ ਪੂਰੇ ਹੋਏ ਹਾਲੀ ਜ਼ਿਆਦਾ ਦਿਨ ਵੀ ਨਹੀਂ ਸੀ ਲੰਘੇ ਕਿ ਉਸ ਦੇ ਪਤੀ ਅਤੇ ਸੱਸ ਨੇ 1 ਲੱਖ ਰੁਪਏ ਲਿਆਉਣ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਐੱਸ. ਪੀ. (ਐੱਚ) ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਵਿਚ ਥਾਣਾ ਔੜ ਦੀ ਪੁਲਸ ਨੇ ਸ਼ਿਕਾਇਤਕਰਤਾ ਦੇ ਪਤੀ ਗਗਨਜੋਤ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਦੇ ਖ਼ਿਲਾਫ਼ ਦਾਜ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਪੈ ਗਏ ਵੈਣ