ਦਾਜ ਦੇ ਮਾਮਲੇ ''ਚ ਪਤੀ, ਸੱਸ, ਸਹੁਰਾ ਤੇ ਦਿਓਰ ਬਰੀ
Tuesday, Oct 24, 2017 - 11:55 PM (IST)
ਅਬੋਹਰ(ਸੁਨੀਲ)—ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਨੇ ਦਾਜ ਦੀ ਮੰਗ ਦੇ ਮਾਮਲੇ ਵਿਚ ਪਤੀ, ਸੱਸ, ਸਹੁਰੇ ਤੇ ਦਿਓਰ ਨੂੰ ਉਨ੍ਹਾਂ ਦੇ ਵਕੀਲ ਹਰਪ੍ਰੀਤ ਸਿੰਘ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਬੂਤਾਂ ਦੀ ਘਾਟ ਕਰ ਕੇ ਬਰੀ ਕਰ ਦਿੱਤਾ। ਜਾਣਕਾਰੀ ਮੁਤਾਬਕ ਪੂਜਾ ਰਾਣੀ ਪੁੱਤਰੀ ਗੁਰਦੀਪ ਸਿੰਘ ਵਾਸੀ ਬਸੰਤ ਨਗਰੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਜਗਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਨਾਨਕਪੁਰ ਮੁਹੱਲਾ ਬਰਨਾਲਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸੱਸ, ਸਹੁਰਾ ਤੇ ਦਿਓਰ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਸਨ। ਇੰਨਾ ਹੀ ਨਹੀਂ ਪੂਜਾ ਰਾਣੀ ਨੇ ਆਪਣੇ ਪਤੀ 'ਤੇ ਉਸ ਨਾਲ ਜਬਰ-ਜ਼ਨਾਹ ਦਾ ਦੋਸ਼ ਵੀ ਲਾਇਆ ਸੀ। ਪੁਲਸ ਨੇ ਪੂਜਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ 28.6.2014 ਨੂੰ ਉਸ ਦੇ ਪਤੀ ਜਗਜੀਤ ਸਿੰਘ, ਸੱਸ ਪਾਲ ਕੌਰ, ਸਹੁਰੇ ਹਰਭਜਨ ਸਿੰਘ ਤੇ ਦਿਓਰ ਅਮਨਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਜਦੋਂ ਉਸਦੇ ਪਤੀ ਨੇ ਵਕੀਲ ਹਰਪ੍ਰੀਤ ਸਿੰਘ ਰਾਹੀਂ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਈ ਤਾਂ ਜਬਰ-ਜ਼ਨਾਹ ਦੀ ਪੁਸ਼ਟੀ ਨਾ ਹੋਣ ਕਾਰਨ ਪੁਲਸ ਨੇ ਦਾਜ ਦੀ ਮੰਗ ਵਿਚ ਚਾਰੇ ਦੋਸ਼ੀਆਂ ਦਾ ਅਦਾਲਤ 'ਚ ਚਲਾਨ ਪੇਸ਼ ਕੀਤਾ। ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਸਰਕਾਰੀ ਵਕੀਲ ਅਤੇ ਪੁਲਸ ਵੱਲੋਂ ਆਪਣੇ ਵਿਚਾਰ ਰੱਖੇ ਗਏ। ਦੂਜੇ ਪਾਸੇ ਦੋਸ਼ੀਆਂ ਦੇ ਵਕੀਲ ਹਰਪ੍ਰੀਤ ਸਿੰਘ ਨੇ ਵੀ ਆਪਣਾ ਪੱਖ ਪੇਸ਼ ਕੀਤਾ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਕਤ ਵਿਅਕਤੀਆਂ ਨੂੰ ਸਬੂਤਾਂ ਦੀ ਘਾਟ ਵਿਚ ਬਰੀ ਕਰ ਦਿੱਤਾ।
