ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ
Saturday, Nov 02, 2019 - 03:43 PM (IST)
![ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ](https://static.jagbani.com/multimedia/2019_11image_15_43_122742365c.jpg)
ਫਤਿਹਗੜ੍ਹ ਸਾਹਿਬ (ਵਿਪਨ)—ਜ਼ਿਲਾ ਫਤਿਹਗੜ੍ਹ ਸਾਹਿਬ 'ਚ ਵਿਆਹੁਤਾ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਉਸ ਦੇ ਪਤੀ, ਸੱਸ ਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਲੜਕੀ ਰਣਜੀਤ ਕੌਰ ਦੇ ਪਿਤਾ ਮੇਵਾ ਸਿੰਘ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੀ ਲੜਕੀ ਰਣਜੀਤ ਕੌਰ ਦਾ ਵਿਆਹ 1 ਨਵੰਬਰ 2014 ਨੂੰ ਗੁਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬਾਸੀਆਂ ਬੈਦਵਾਣ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਗੁਰਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਾਜ ਦੀ ਮੰਗ ਸ਼ੁਰੂ ਕਰ ਦਿੱਤੀ। ਵਿਆਹ ਤੋਂ ਬਾਅਦ ਰਣਜੀਤ ਕੌਰ ਦੇ ਘਰ ਇਕ ਲੜਕੀ ਨੇ ਜਨਮ ਲਿਆ। ਬੀਤੇ ਦਿਨ ਰਣਜੀਤ ਕੌਰ ਨੇ ਜ਼ਹਿਰੀਲੀ ਚੀਜ਼ ਖਾ ਲਈ ਅਤੇ ਉਸ ਦੀ ਮੌਤ ਹੋ ਗਈ। ਮੇਵਾ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਧੀ ਦੇ ਸਹੁਰੇ ਘਰ ਬੈਦਵਾਣ ਪਹੁੰਚਿਆ ਤਾਂ ਰਣਜੀਤ ਕੌਰ ਦੀ ਲਾਸ਼ ਮੰਜੇ ਤੇ ਪਈ ਸੀ ਅਤੇ ਉਸ ਦੇ ਨੱਕ 'ਚੋਂ ਝੱਗ ਨਿਕਲ ਰਹੀ ਸੀ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਨੇ ਉਸ ਦੀ ਧੀ ਨੂੰ ਮਾਰ ਦਿੱਤਾ ਹੈ, ਇਸ ਲਈ ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਚੁੰਨੀ ਕਲਾਂ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਤੀ ਗੁਰਦੀਪ ਸਿੰਘ, ਸੱਸ ਕਿਰਨਾ ਅਤੇ ਸਹੁਰਾ ਕੁਲਵੰਤ ਸਿੰਘ ਦੇ ਖਿਲਾਫ ਆਈ.ਪੀ.ਸੀ. ਧਾਰਾ 304 ਬੀ ਅਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਜੀਤ ਕੌਰ ਦੀ ਲਾਸ਼ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ, ਹਾਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਉਕਤ ਵਿਅਕਤੀ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।