ਵਾਅਦੇ ਮੁਤਾਬਿਕ ਚੁਣੇ ਨੁੰਮਾਇਦਿਆਂ ਦਾ ਡੋਪ ਟੈਸਟ ਕਰਵਾਏ ਸਰਕਾਰ : ਅਕਾਲੀ ਦਲ

10/01/2018 7:29:50 PM

ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੁਣੇ ਗਏ ਸਾਰੇ ਪੁਰਸ਼ ਮੈਂਬਰਾਂ ਦਾ ਤੁਰੰਤ ਡੋਪ ਟੈਸਟ ਕਰਵਾਉਣ ਲਈ ਆਖਿਆ ਹੈ। ਪਾਰਟੀ ਨੇ ਕਿਹਾ ਕਿ ਟੈਸਟ 'ਚ ਪਾਜ਼ੇਟਿਵ ਪਾਏ ਜਾਣ ਵਾਲੇ ਸਾਰੇ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਕਿ ਸਾਡਾ ਕੋਈ ਵੀ ਨੁੰਮਾਇਦਾ ਨਸ਼ੇੜੀ ਨਾ ਹੋਵੇ।

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕੀਤੇ ਐਲਾਨ ਕਿ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਇਆ ਜਾਵੇਗਾ, ਬਾਰੇ ਮੰਤਰੀ ਨੂੰ ਚੇਤੇ ਕਰਵਾਉਂਦਿਆਂ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੀ ਵੱਡੀ ਗਿਣਤੀ ਹੋਣ ਕਰਕੇ ਸਰਕਾਰ ਉਪਰੋਕਤ ਟੈਸਟ ਲੈਣ 'ਚ ਨਾਕਾਮ ਹੋ ਗਈ ਸੀ, ਪਰੰਤੂ ਹੁਣ ਚੁਣੇ ਹੋਏ ਨੁੰਮਾਇਦਿਆਂ ਦਾ ਆਸਾਨੀ ਨਾਲ ਅਜਿਹਾ ਟੈਸਟ ਲਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਟੈਸਟ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਪੰਚਾਇਤੀ ਸੰਸਥਾਵਾਂ ਇਸ ਨਸ਼ਾ-ਵਿਰੋਧੀ ਮੁਹਿੰਮ ਦਾ ਇਖ਼ਲਾਕੀ ਮਾਰਗ ਦਰਸ਼ਨ ਕਰਨਗੀਆਂ, ਕਿਉਂਕਿ ਉਨ੍ਹਾਂ ਦਾ ਕੋਈ ਵੀ ਨੁੰਮਾਇਦਾ ਨਸ਼ੇ ਕਰਨ ਵਾਲਾ ਨਹੀਂ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਬਾਜਵਾ ਨੇ ਐਲਾਨ ਕੀਤਾ ਸੀ ਕਿ ਡੋਪ ਟੈਸਟ ਜੁਲਾਈ ਵਿਚ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਮੋਹਾਲੀ ਵਿਖੇ ਖੁਦ ਨੂੰ ਇਸ ਟੈਸਟ ਲਈ ਪੇਸ਼ ਵੀ ਕੀਤਾ ਸੀ, ਪਰੰਤੂ ਉਨ੍ਹਾਂ ਵਲੋਂ ਕੀਤੇ ਜਾ ਰਹੇ ਦਵਾਈਆਂ ਦੇ ਸੇਵਨ ਕਰਕੇ ਉਨ੍ਹਾਂ ਦਾ ਟੈਸਟ ਨਹੀਂ ਸੀ ਲਿਆ ਗਿਆ। ਅਕਾਲੀ ਆਗੂ ਨੇ ਕਿਹਾ ਕਿ ਬਾਜਵਾ ਨੇ ਦੁਬਾਰਾ ਇਸ ਟੈਸਟ ਦੀ ਗੱਲ ਨਹੀਂ ਛੇੜੀ। ਹੁਣ ਪੰਚਾਇਤ ਚੋਣਾਂ ਸਿਰ 'ਤੇ ਹੋਣ ਕਰਕੇ ਉਹ ਇਸ ਬਾਰੇ ਗੱਲ ਕਰਨ ਤੋਂ ਡਰਦਾ ਹੈ।


Related News