ਦੂਨ ਵੈਲੀ ਸਕੂਲ ਦੇ ਸਲਾਨਾ ਸਮਾਗਮ ''ਚ ਬੱਚਿਆਂ ਨੇ ਬਿਖੇਰੇ ਕਲਾ ਦੇ ਰੰਗ
Sunday, Jan 28, 2018 - 04:06 PM (IST)

ਜ਼ੀਰਾ (ਅਕਾਲੀਆਂ ਵਾਲਾ) - ਫਿਰੋਜ਼ਪੁਰ ਰੋਡ 'ਤੇ ਸਥਿਤ ਦੂਨ ਵੈਲੀ ਕੈਮਬ੍ਰਿਜ ਸਕੂਲ ਜ਼ੀਰਾ ਦੀ 15ਵਾਂ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਪ੍ਰੋਗਰਾਮ ਸਮਾਪਤ ਹੋ ਗਿਆ ਹੈ। ਇਹ ਸਮਾਗਮ ਦਰਸ਼ਕਾਂ ਦੇ ਦਿਲ ਦੀਆਂ ਗਹਿਰਾਈਆਂ 'ਤੇ ਯਾਦਾਂ ਉਕਰਦਾ ਹੋਇਆ ਸਮਾਪਤ ਹੋਇਆ। ਇਸ ਪ੍ਰੋਗਰਾਮ ਦਾ ਉਦਘਾਟਨ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਜ਼ੀਰਾ ਹਲਕੇ ਨੇ ਪੰਜਾਬ ਨੂੰ ਦਿੱਤੀਆਂ ਮਹਾਨ ਸ਼ਖਸ਼ੀਅਤਾਂ ਦਾ ਵਰਨਣ ਕੀਤਾ। ਇਸ ਦੌਰਾਨ ਆਈਆਂ ਸ਼ਖਸ਼ੀਅਤਾਂ ਦਾ ਸਕੂਲ ਚੇਅਰਮੈਨ ਡਾ. ਸ਼ੁਭਾਸ਼ ਉਪਲ ਅਤੇ ਪ੍ਰਿੰਸੀਪਲ ਰਜਨੀਸ਼ ਸ਼ਰਮਾ ਵੱਲੋਂ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿਚ ਗੁਰਪ੍ਰੀਤ ਸਿੰਘ ਜੱਜ ਪਤੀ ਪ੍ਰਧਾਨ ਨਗਰ ਕੌਂਸਲ, ਅਸ਼ੋਕ ਕਥੂਰੀਆ ਸ਼ਹਿਰੀ ਪ੍ਰਧਾਨ, ਰਾਜੇਸ਼ ਢੰਡ ਮੀਤ ਪ੍ਰਧਾਨ, ਡਾ.ਰਛਪਾਲ ਸਿੰਘ ਬਲਾਕ ਪ੍ਰਧਾਨ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਸਮਾਗਮ ਦੌਰਾਨ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਵਿਚ ਵੱਖ-ਵੱਖ ਆਟੀਮਾਂ ਪੇਸ਼ ਕੀਤੀਆਂ। ਅਨਮੋਲਪ੍ਰੀਤ, ਸਲਵਿੰਦਰ, ਵੀਰ ਅਰਸ਼ ਅਤੇ ਸੁਖਮਨ ਨੇ ਭੰਗੜੇ ਪੇਸ਼ ਕਰਕੇ ਇਕ ਮਿਸਾਲ ਕਾਇਮ ਕੀਤੀ ਅਤੇ ਜਾਗੋ ਵਿਚ ਮਨਵੀਰ, ਜੈਸਮੀਨ, ਕਿਰਨ,ਗੁਰਪਿੰਦਰ, ਰਾਜਵਿੰਦਰ ਨੇ ਪ੍ਰੋਗਰਾਮ ਪੇਸ਼ ਕਰਕੇ ਵਿਰਸੇ ਦੀ ਯਾਦ ਦਿਵਾਈ। ਸਕੂਲ ਦੀਆਂ ਵਿਦਿਆਰਥਣਾਂ ਨੇ ਰਾਜਸਥਾਨੀ ਡਾਂਸ ਪੇਸ਼ ਕਰਕੇ ਗੁਆਢੀ ਰਾਜ ਦੀ ਵਿਰਾਸਤ 'ਤੇ ਝਾਕ ਪੁਵਾਈ। 'ਜੈ ਹੋ' ਗੀਤ ਸੰਗੀਤ ਵਿਚ ਹਰਮਨ, ਅਜੇਵੀਰ, ਅੰਸ਼ਪ੍ਰੀਤ, ਸੁਖਰਾਜ ਅਤੇ ਅਜੇਕਰਨ ਨੇ ਭਰਪੂਰ ਰੰਗ ਬੰਨਿਆਂ। ਸਕੂਲ ਦੇ ਵਿਦਿਆਰਥੀ ਹਰਮਨ ਰਣਜੋਤ. ਅਨਦੀਪ, ਕਸ਼ਿਸ਼, ਸੁਖਮਨਪ੍ਰੀਤ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕਰਕੇ ਸਰਹੱਦਾਂ 'ਤੇ ਫੌਜੀਆਂ ਦੀ ਹਾਲਤ ਬਿਆਨ ਕੀਤੀ। 'ਕਾਲਾ ਚਸ਼ਮਾ' ਗੀਤ 'ਤੇ ਸੁਖਨੀਤ ਕੌਰ, ਜੈਸਮੀਨ ਕੌਰ, ਅਵਨੀਤ, ਗੁਰਲੀਨ ਕੌਰ ਨੇ ਵਧੀਆ ਪ੍ਰਭਾਵ ਛੱਡਿਆ।
ਸਰਕਾਰ ਵਿੱਦਿਆ ਦੇ ਮਿਆਰ ਲਈ ਵਚਨਬੱਧ : ਵਿਧਾਇਕ ਕੁਲਬੀਰ
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਜ਼ੀਰਾ ਹਲਕੇ ਵਿਚ ਸਿੱਖਿਆ ਅਤੇ ਸਿਹਤ ਵੱਲ ਪਹਿਲ ਕਦਮੀ ਨਾਲ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਇਸ ਵਿਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨੇ ਦੂਨ ਵੈਲੀ ਸਕੂਲ ਦੇ ਬੱਚਿਆਂ ਦੀ ਅਦਾਕਾਰੀ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ।