ਇਕ ਦਿਨ ’ਚ ਕੁੱਤਿਆਂ ਦੇ ਵੱਢਣ ਕਾਰਨ ਸਰਕਾਰੀ ਹਸਪਤਾਲ ’ਚ ਪੁੱਜੇ 11 ਮਰੀਜ਼

Tuesday, Jul 30, 2024 - 12:25 PM (IST)

ਇਕ ਦਿਨ ’ਚ ਕੁੱਤਿਆਂ ਦੇ ਵੱਢਣ ਕਾਰਨ ਸਰਕਾਰੀ ਹਸਪਤਾਲ ’ਚ ਪੁੱਜੇ 11 ਮਰੀਜ਼

ਅਬੋਹਰ (ਸੁਨੀਲ) : ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਕੁੱਤਿਆਂ ਦਾ ਆਤੰਕ ਫਿਰ ਤੋਂ ਵੱਧਣ ਲੱਗਾ ਹੈ। ਬੀਤੀ ਸਵੇਰੇ 12 ਵਜੇ ਤੱਕ ਕੁੱਤਿਆਂ ਵੱਲੋਂ ਵੱਢੇ ਗਏ 11 ਦੇ ਕਰੀਬ ਮਰੀਜ਼ ਸਰਕਾਰੀ ਹਸਪਤਾਲ ’ਚ ਆ ਚੁੱਕੇ ਹਨ, ਜਦ ਕਿ ਸਥਾਨਕ ਨਿਗਮ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਅੱਖਾਂ ਮੀਟੀ ਬੈਠਾ ਹੈ। ਜਾਣਕਾਰੀ ਅਨੁਸਾਰ ਸਵੇਰੇ ਜਦੋਂ ਸੀਤੋ ਰੋਡ ਦੀ ਰਹਿਣ ਵਾਲੀ 17 ਸਾਲਾ ਨਾਬਾਲਗ ਕੀਰਤੀ ਰਾਣੀ ਗਲੀ ’ਚ ਜਾ ਰਹੀ ਸੀ ਤਾਂ ਗੁਆਂਢ ਦੇ ਇਕ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਅਤੇ ਧੌਣ ’ਤੇ ਵੱਢਿਆ, ਜਿਸ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਛੁਡਵਾਇਆ।

ਇਸ ਤੋਂ ਇਲਾਵਾ ਅਬੋਹਰ ਦੇ 13 ਸਾਲਾ ਸੰਦੀਪ ਕੁਮਾਰ, 50 ਸਾਲਾ ਸੁਮਨ ਸ਼ਰਮਾ, ਅਜ਼ੀਮਗੜ੍ਹ ਇਲਾਕੇ ਦੇ 18 ਸਾਲਾ ਗਗਨ ਕੁਮਾਰ, ਕੇਰਖੇੜਾ ਦੀ ਸਰੋਜ ਰਾਣੀ ਅਤੇ 22 ਸਾਲਾ ਗੌਰਵ ਵੀ ਕੁੱਤਿਆਂ ਵੱਲੋਂ ਵੱਢੇ ਜਾਣ ਤੇ ਹਸਪਤਾਲ ’ਚ ਦਾਖ਼ਲ ਹੋਏ। ਹਸਪਤਾਲ ’ਚ ਮਰੀਜ਼ਾਂ ਨੂੰ ਰੈਬੀਜ਼ ਟੀਕਾਕਰਨ ਦੀ ਇੰਚਾਰਜ ਰਿਤੂ ਵਧਵਾ ਨੇ ਦੱਸਿਆ ਕਿ ਮਈ ਮਹੀਨੇ ’ਚ 315 ਮਰੀਜ਼ਾਂ ਨੂੰ ਜੂਨ ’ਚ ਅਤੇ ਜੁਲਾਈ ’ਚ 261 ਮਰੀਜ਼ਾਂ ਨੂੰ ਉਨ੍ਹਾਂ ਵੱਲੋਂ ਕੁੱਤਿਆਂ ਦੇ ਵੱਢਣ ਤੋਂ ਬਚਾਅ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਨਿੱਜੀ ਹਸਪਤਾਲਾਂ ਦੇ ਅੰਕੜੇ ਵੀ ਜੋੜਿਆ ਜਾਵੇ ਤਾਂ ਹਰ ਮਹੀਨੇ 400 ਤੋਂ 500 ਤੱਕ ਦੇ ਮਰੀਜ਼ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੋ ਰਹੇ ਹਨ।

ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਸ਼ਵਨੀ ਮਿਗਲਾਨੀ ਨੇ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਉਨ੍ਹਾਂ ਕੋਲ ਸ਼ਹਿਰ ’ਚ 1700 ਦੇ ਕਰੀਬ ਕੁੱਤੇ ਹਨ, ਜਿਨ੍ਹਾਂ ਵਿਚੋਂ 1000 ਕੁੱਤਿਆਂ ਦਾ ਟੀਕਾਕਰਨ ਹੋ ਚੁੱਕਾ ਹੈ ਅਤੇ ਬਾਕੀ 700 ਕੁੱਤੇ ਟੀਕਾਕਰਨ ਤੋਂ ਵਾਂਝੇ ਹਨ। ਤੇਜ਼ ਗਰਮੀ ਕਾਰਨ ਪਿਛਲੇ ਇਕ ਮਹੀਨੇ ਤੋਂ ਇਹ ਮੁਹਿੰਮ ਬੰਦ ਪਈ ਹੈ।
 


author

Babita

Content Editor

Related News