ਗਰਭਵਤੀ ਦੱਸ ਔਰਤ ਦਾ ਇਲਾਜ ਕਰਦੇ ਰਹੇ ਡਾਕਟਰ, 9 ਮਹਿਨੇ ਬਾਅਦ ਪਤਾ ਲੱਗੀ ਬਿਮਾਰੀ

05/30/2019 11:49:19 PM

ਹੁਸ਼ਿਆਰਪੁਰ, (ਅਮਰਿੰਦਰ)— ਸਿਵਲ ਹਸਪਤਾਲ 'ਚ ਵੀਰਵਾਰ ਦੁਪਹਿਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਵਿਚ ਡਿਲੀਵਰੀ ਲਈ ਦਾਖਲ ਗਰਭਵਤੀ ਔਰਤ ਦੀ ਸਕੈਨ ਤੋਂ ਬਾਅਦ ਦੱਸਿਆ ਗਿਆ ਕਿ ਉਹ ਗਰਭਵਤੀ ਹੈ ਹੀ ਨਹੀਂ। ਮੈਡੀਕਲ ਸਟਾਫ ਵਲੋਂ ਇਹ ਗੱਲ ਸੁਣਦੇ ਹੀ ਬਹਾਦੁਰਪੁਰ ਮੁਹੱਲੇ ਦੀ ਰਹਿਣ ਵਾਲੀ ਪੂਜਾ ਪਤਨੀ ਗੌਤਮ ਦੇ ਪਰਿਵਾਰ ਵਾਲੇ ਭੜਕ ਉਠੇ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜਦ ਪੂਜਾ ਗਰਭਵਤੀ ਸੀ ਨਹੀਂ ਤਾਂ ਫਿਰ 9 ਮਹੀਨੇ ਪਹਿਲਾਂ ਉਸ ਦੀ ਸਕੈਨ ਰਿਪੋਰਟ ਦੇ ਆਧਾਰ 'ਤੇ ਡਿਸਪੈਂਸਰੀ ਵਿਚ ਕਿਵੇਂ ਦੱਸਿਆ ਗਿਆ ਕਿ ਉਹ ਗਰਭਵਤੀ ਹੈ। ਪਰਿਵਾਰ ਵਾਲਿਆਂ ਨੇ ਸਾਫ ਤੌਰ 'ਤੇ ਕਿਹਾ ਕਿ ਹਸਪਤਾਲ ਦੇ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਡਾਕਟਰ ਵਿਰੁੱਧ ਸਖਤ ਕਾਰਵਾਈ ਹੋਵੇ।

ਗਲਤ ਰਿਪੋਰਟ ਦੇਣ ਵਾਲੇ ਡਾਕਟਰ 'ਤੇ ਹੋਵੇ ਸਖਤ ਕਾਰਵਾਈ
ਸਿਵਲ ਹਸਪਤਾਲ ਕੰਪਲੈਕਸ ਵਿਚ ਪੂਜਾ ਨਾਲ ਆਏ ਪਰਿਵਾਰ ਵਾਲਿਆਂ ਨੇ ਕਿਹਾ ਕਿ 9 ਮਹੀਨੇ ਪਹਿਲਾਂ ਉਹ ਜਦ ਹਪਸਤਾਲ ਵਿਚ ਜਾਂਚ ਲਈ ਆਈ ਸੀ ਤਾਂ ਜਾਂਚ ਤੋਂ ਬਾਅਦ ਦੱਸਿਆ ਗਿਆ ਕਿ ਪੂਜਾ ਗਰਭਵਤੀ ਹੈ। ਇਸ ਤੋਂ ਬਾਅਦ ਉਹ ਨਿਯਮਿਤ ਰੂਪ ਨਾਲ ਚੈੱਕਅੱਪ ਕਰਵਾਉਂਦੇ ਰਹੇ। 2 ਦਿਨ ਪਹਿਲਾਂ ਉਹ ਡਿਲੀਵਰੀ ਲਈ ਹਸਪਤਾਲ ਦਾਖਲ ਹੋ ਗਏ। ਜਦੋਂ ਡਾਕਟਰ ਦੇ ਨਿਰਦੇਸ਼ 'ਤੇ ਸਕੈਨ ਰਿਪੋਰਟ ਆਈ ਤਾਂ ਉਨ੍ਹਾਂ ਦੱਸਿਆ ਕਿ ਪੂਜਾ ਗਰਭਵਤੀ ਹੈ ਹੀ ਨਹੀਂ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੀ ਇਸ ਲਾਪਰਵਾਹੀ ਨਾਲ ਉਨ੍ਹਾਂ ਦੀ ਸਮਾਜਿਕ ਤੇ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨੀ ਹੋਈ ਹੈ। ਪਰਿਵਾਰ ਵਾਲਿਆਂ ਨੇ ਜਾਂਚ ਰਿਪੋਰਟ ਵਿਚ ਗਲਤ ਰਿਪੋਰਟ ਦੇਣ ਵਾਲੇ ਡਾਕਟਰ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਫੂਡੋਸਾਈਸਿਸ ਸਮੱਸਿਆ ਨਾਲ ਲੱਗ ਰਹੀ ਸੀ ਗਰਭਵਤੀ : ਡਾ. ਰੇਣੂ ਸੂਦ
ਸੰਪਰਕ ਕਰਨ 'ਤੇ ਸਿਵਲ ਸਰਜਨ ਡਾ. ਰੇਣੂ ਸੂਦ ਨੇ ਦੱਸਿਆ ਕਿ ਪੂਜਾ ਨੂੰ 9 ਮਹੀਨੇ ਪਹਿਲਾਂ ਪ੍ਰੈਗਨੈਂਸੀ ਰਿਪੋਰਟ ਵਿਚ ਗਰਭਗਤੀ ਦੱਸਿਆ ਗਿਆ ਸੀ ਪਰ ਉਸ ਨੂੰ ਦੱਸਿਆ ਗਿਆ ਸੀ ਕਿ ਹਰ ਮਹੀਨੇ ਉਹ ਨਿਯਮਿਤ ਤੌਰ 'ਤੇ ਸਕੈਲਨ ਕਰਵਾ ਕੇ ਮੈਡੀਕਲ ਚੈੱਕਅੱਪ ਕਰਵਾਏ। ਪੂਜਾ ਦੇ ਪਰਿਵਾਰ ਨੇ ਕਦੇ ਵੀ ਸਕੈਨ ਨਹੀਂ ਕਰਵਾਇਆ ਸੀ। ਉਹ ਮਨ ਵਿਚ ਭਰਮ ਪਾਲ ਬੈਠੇ ਸੀ ਕਿ ਪੂਜਾ ਗਰਭਵਤੀ ਹੈ। ਹੁਣ 9 ਮਹੀਨੇ ਬਾਅਦ ਜਦ ਉਹ ਹਸਪਤਾਲ ਵਿਚ ਦਾਖਲ ਹੋਈ ਤਾਂ ਸਕੈਨ ਕਰਨ 'ਤੇ ਪਤਾ ਲੱਗਾ ਕਿ ਉਹ ਗਰਭਵਤੀ ਨਹੀਂ ਬਲਕਿ ਫੂਡੋਸਾਈਸਿਸ ਬੀਮਾਰੀ ਕਾਰਨ ਉਸ ਦਾ ਪੇਟ ਫੁਲਿਆ ਹੋਇਆ ਹੈ। ਪਰਿਵਾਰ ਵਾਲਿਆਂ ਦੇ ਕਹਿਣ 'ਤੇ ਉਹ ਇਸ ਮਾਮਲੇ ਦੀ ਜਾਂਚ ਵੀ ਕਰਵਾਏਗੀ ਕਿ ਇਸ ਮਾਮਲੇ ਵਿਚ ਕਿਸ ਪੱਧਰ 'ਤੇ ਲਾਪਰਵਾਹੀ ਵਰਤੀ ਗਈ ਹੈ।


KamalJeet Singh

Content Editor

Related News