ਡਾਕਟਰ ਦੀ ਅਣਗਹਿਲੀ ਕਾਰਨ ਮਹਿਲਾ ਦੀ ਮੌਤ, ਮਾਮਲਾ ਦਰਜ

Tuesday, Jul 09, 2019 - 08:58 PM (IST)

ਡਾਕਟਰ ਦੀ ਅਣਗਹਿਲੀ ਕਾਰਨ ਮਹਿਲਾ ਦੀ ਮੌਤ, ਮਾਮਲਾ ਦਰਜ

ਭਿਖੀਵਿੰਡ: ਕਸਬਾ ਖਾਲੜਾ 'ਚ ਡਾਕਟਰ ਵਲੋਂ ਇਲਾਜ ਕਰਨ 'ਤੇ ਇਕ ਮਹਿਲਾ ਦੀ ਹਾਲਤ ਵਿਗੜਨ ਉਪਰੰਤ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਦੀ ਮੌਤ ਹੋਣ 'ਤੇ ਮਹਿਲਾ ਡਾਕਟਰ ਖਿਲਾਫ ਅਣਗਹਿਲੀ ਦਾ ਦੋਸ਼ ਲਾਇਆ ਹੈ। ਜਾਣਕਾਰੀ ਮੁਤਾਬਕ ਕਸਬਾ ਖਾਲੜਾ ਦੀ ਨਿਵਾਸੀ ਰਾਜ ਕੌਰ (50) ਦਾ ਫ਼ਰਜ਼ੀ ਮਹਿਲਾ ਡਾਕਟਰ ਵਲੋਂ ਇਲਾਜ ਕਰਨ 'ਤੇ ਉਸ ਦੀ ਹਾਲਤ ਹੋਰ ਵਿਗੜ ਗਈ, ਜਿਸ ਕਾਰਨ ਉਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵਲੋਂ ਸਮਾਜ ਸੇਵੀ ਜਥੇਬੰਦੀ ਨੂੰ ਨਾਲ ਲੈ ਕੇ ਥਾਣਾ ਭਿੱਖੀਵਿੰਡ ਅੱਗੇ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਲਗਾਇਆ ਗਿਆ।

ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਖਸ਼ੀਸ਼ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਈ ਤੇ ਕਿਹਾ ਕਿ ਉਸ ਦੀ ਪਤਨੀ ਰਾਜ ਕੌਰ ਆਪਣੇ ਲੜਕੇ ਦੇ ਕੋਲ ਭਿੱਖੀਵਿੰਡ ਵਿਖੇ ਗਈ ਸੀ, ਜਿਸ ਦੀ ਮਿਤੀ 30 ਜੂਨ ਨੂੰ ਅਚਾਨਕ ਸਿਹਤ ਵਿਗੜ ਗਈ ਤੇ ਉਸ ਦੇ ਲੜਕੇ ਵਲੋਂ ਉਸ ਨੂੰ ਮਹਿਲਾ ਡਾਕਟਰ ਅਨੂੰ ਬਾਲਾ ਭਿੱਖੀਵਿੰਡ ਪਾਸ ਚੈੱਕਅਪ ਕਰਵਾਉਣ ਲਈ ਲਿਜਾਇਆ ਗਿਆ। ਜਿਥੇ ਡਾਕਟਰ ਅਨੂੰ ਬਾਲਾ ਨੇ ਚੈੱਕਅਪ ਕਰਕੇ ਉਸ ਦੀ ਪਤਨੀ ਨੂੰ ਟੀਕੇ ਵਗੈਰਾ ਲਾ ਦਿੱਤੇ। ਟੀਕਾ ਲਾਉਣ ਉਪਰੰਤ ਉਸ ਦੀ ਪਤਨੀ ਰਾਜ ਕੌਰ ਦੀ ਹਾਲਤ ਠੀਕ ਹੋਣ ਦੀ ਬਜਾਏ ਹੋਰ ਵਿਗੜ ਗਈ, ਜਿਸ ਤੋਂ ਬਾਅਦ ਡਾਕਟਰ ਅਨੂੰ ਬਾਲਾ ਨੇ ਆਪਣੇ ਪਤੀ ਰਮਨ ਕੁਮਾਰ ਨੂੰ ਉੱਥੇ ਸੱਦ ਲਿਆ ਉਸ ਦੀ ਪਤਨੀ ਨੂੰ ਤੜਫਦੀ ਹਾਲਤ 'ਚ ਡਾਕਟਰ ਵਿਜੇ ਧਵਨ ਭਿੱਖੀਵਿੰਡ ਵਿਖੇ ਦਾਖਲ ਕਰਵਾ ਦਿੱਤਾ। ਜਿੱਥੇ ਉਸ ਦੀ 7 ਦਿਨ ਬਾਅਦ ਐਤਵਾਰ ਨੂੰ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦੀ ਮੌਤ ਡਾਕਟਰ ਅਨੂੰ ਬਾਲਾ ਦੀ ਅਣਗਹਿਲੀ ਕਾਰਨ ਹੋਈ ਹੈ।

ਉਸ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਡੀ. ਐੱਸ. ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਐਸ. ਐਸ. ਪੀ. ਕੁਲਦੀਪ ਸਿੰਘ ਚਾਹਲ ਤੇ ਆਈ ਜੀ ਸਾਹਿਬ ਪਾਸੋਂ ਮੰਗ ਕੀਤੀ ਕਿ ਉਕਤ ਮਹਿਲਾ ਡਾਕਟਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਡਾਕਟਰ ਅਨੂੰ ਬਾਲਾ ਖ਼ਿਲਾਫ਼ ਧਾਰਾ 304 ਤਹਿਤ ਕਾਰਵਾਈ ਕਰਕੇ ਧਰਨੇ ਨੂੰ ਖਤਮ ਕਰਨ ਲਈ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ, ਜਿਸ ਤੋਂ ਬਾਅਦ ਧਰਨਾ ਖਤਮ ਹੋ ਗਿਆ। 
ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਆਪਣੇ 'ਤੇ ਕਾਰਵਾਈ ਹੁੰਦੀ ਦੇਖ ਮਹਿਲਾ ਡਾਕਟਰ ਆਪਣੇ ਕਲੀਨਿਕ ਤੇ ਘਰ ਨੂੰ ਤਾਲਾ ਮਾਰ ਕੇ ਇੱਥੋਂ ਜਾ ਚੁੱਕੀ ਹੈ।
 


Related News