ਪਤਨੀ ਅਤੇ ਸਹੁਰਿਆਂ ਤੋਂ ਪ੍ਰੇਸ਼ਾਨ ਵੈਟਰਨਰੀ ਡਾਕਟਰ ਨੇ ਕੀਤੀ ਖੁਦਕੁਸ਼ੀ

08/06/2019 6:37:14 PM

ਕੋਟਕਪੂਰਾ (ਨਰਿੰਦਰ) : ਸ਼ਹਿਰ ਦੇ ਦੁਆਰੇਆਣਾ ਰੋਡ ਦੇ ਵਸਨੀਕ ਇਕ ਸਰਕਾਰੀ ਵੈਟਨਰੀ ਡਾਕਟਰ ਵੱਲੋਂ ਸਰਹਿੰਦ ਫੀਡਰ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸ਼ਰਨਜੀਤ ਸਿੰਘ ਨੇ ਕੁੱਝ ਦਿਨ ਪਹਿਲਾਂ ਨਹਿਰ ਵਿਚ ਛਲਾਂਗ ਮਾਰੀ ਸੀ ਅਤੇ ਜਿਸਦੀ ਲਾਸ਼ ਅਬੋਹਰ ਦੇ ਕੋਲੋਂ ਬਰਾਮਦ ਕੀਤੀ ਗਈ। ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ 'ਤੇ ਮ੍ਰਿਤਕ ਡਾਕਟਰ ਦੀ ਪਤਨੀ ਤੋਂ ਇਲਾਵਾ ਵਲਟੋਹਾ (ਤਰਨਤਾਰਨ) ਦੇ ਪਿੰਡ ਘਰਿਆਲਾ ਨਿਵਾਸੀ ਉਸਦੇ ਸਹੁਰੇ ਜਸਵੀਰ ਸਿੰਘ, ਸਾਲੇ ਨਿਰਭੈ ਸਿੰਘ, ਦੀਪਕ ਸਿੰਘ ਅਤੇ ਇਕ ਹੋਰ ਵਿਅਕਤੀ ਗੱਗੂ ਪਟਵਾਰੀ ਦੇ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਮੋਗਾ ਦੀ ਵਸਨੀਕ ਸਰਬਜੀਤ ਕੌਰ ਪਤਨੀ ਪ੍ਰਤਾਪ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੇ ਭਰਾ ਸ਼ਰਨਜੀਤ ਸਿੰਘ ਦਾ ਵਿਆਹ ਸੰਦੀਪ ਕੌਰ ਨਾਲ ਹੋਇਆ ਸੀ ਅਤੇ ਉਸਦੇ ਪਿਤਾ ਨੇ ਆਪਣੇ ਸਾਰੀ ਜ਼ਮੀਨ ਸ਼ਰਨਜੀਤ ਸਿੰਘ ਦੇ ਨਾਮ ਕਰਵਾ ਦਿੱਤੀ ਸੀ, ਜਿਸ ਦੇ ਚਲਦਿਆਂ ਉਸਦੇ ਭਰਾ ਦੀ ਪਤਨੀ ਅਤੇ ਸਹੁਰਾ ਪਰਿਵਾਰ ਦੀ ਨਜ਼ਰ ਉਸਦੀ ਜਾਇਦਾਦ 'ਤੇ ਟਿਕੀ ਹੋਈ ਸੀ ਅਤੇ ਉਨ੍ਹਾਂ ਵੱਲੋਂ ਉਸਦੇ ਭਰਾ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸਨੇ ਦੱਸਿਆ ਕਿ ਉਸਦੇ ਸ਼ਰਨਜੀਤ ਨੇ ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਤਫਤੀਸ਼ੀ ਅਧਿਕਾਰੀ ਐੱਸ.ਆਈ. ਜਸਕਰਨ ਸਿੰਘ ਸੇਖੋਂ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।


Gurminder Singh

Content Editor

Related News