ਹੁਣ ਇਨ੍ਹਾਂ ਵਰਗਾਂ ਨੂੰ ਨਹੀਂ ਮਿਲੇਗੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ

02/20/2020 9:14:02 PM

ਚੰਡੀਗੜ੍ਹ/ਪਟਿਆਲਾ, (ਪਰਮੀਤ)— ਪੰਜਾਬ ਸਰਕਾਰ ਨੇ ਹੁਣ ਐੱਸ. ਸੀ. ਤੇ ਬੀ. ਸੀ. ਵਰਗ 'ਚ ਕਰੀਮੀਲੇਅਰ ਲਈ ਹੁਣ ਬਿਜਲੀ ਮੁਫਤ ਬਿਜਲੀ ਦੀ ਸਹੂਲਤ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਿਸ ਸਬੰਧੀ ਵੀਰਵਾਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਕਾਇਦਾ ਸਰਕੁਲਰ ਜਾਰੀ ਕਰ ਦਿੱਤਾ ਹੈ।

ਚੀਫ ਇੰਜੀਨੀਅਰ ਕਮਰਸ਼ੀਅਲ ਵੱਲੋਂ ਜਾਰੀ ਕੀਤੇ ਸਰਕੁਲਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਐੱਸ. ਸੀ. ਤੇ ਬੀ. ਸੀ. ਵਰਗ ਦੇ ਉਨ੍ਹਾਂ ਖਪਤਕਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਘਰੇਲੂ ਲੋਡ 1 ਕਿਲੋਵਾਟ ਤੱਕ ਹੋਵੇ। ਇਸ ਐੱਸ. ਸੀ. ਤੇ ਬੀ. ਸੀ. ਵਰਗ ਵਿਚਲੇ ਕਰੀਮੀਲੇਅਰ ਲਈ ਹੁਣ ਇਹ ਸਹੂਲਤ ਬੰਦ ਹੋ ਗਈ ਹੈ। ਇਸ ਲੇਅਰ ਵਿਚ ਸੰਵਿਧਾਨਕ ਅਹੁਦਿਆਂ 'ਤੇ ਤਾਇਨਾਤ ਰਹੇ ਸਾਬਕਾ ਤੇ ਮੌਜੂਦਾ ਅਫਸਰਾਂ, ਸਾਬਕਾ ਤੇ ਮੌਜੂਦਾ ਮੰਤਰੀਆਂ, ਰਾਜ ਮੰਤਰੀਆਂ, ਲੋਕ ਸਭਾ ਮੈਂਬਰਾਂ, ਰਾਜ ਸਭਾ ਮੈਂਬਰਾਂ, ਵਿਧਾਇਕਾਂ, ਕੌਂਸਲਰਾਂ, ਸਾਬਕਾ ਤੇ ਮੌਜੂਦਾ ਮੇਅਰਾਂ ਅਤੇ ਜ਼ਿਲਾ ਪੰਚਾਇਤਾਂ ਦੇ ਮੌਜੂਦਾ ਤੇ ਸਾਬਕਾ ਚੇਅਰਪਰਨ, ਸਾਰੇ ਮੌਜੂਦਾ ਤੇ ਸੇਵਾ-ਮੁਕਤ ਅਫਸਰਾਂ, ਸਾਰੇ ਪੈਨਸ਼ਨਰਾਂ ਜਿਨ੍ਹਾਂ ਦੀ ਪੈਨਸ਼ਨ 10 ਹਜ਼ਾਰ ਰੁਪਏ ਮਹੀਨਾ ਜਾਂ ਇਸ ਤੋਂ ਵੱਧ ਹੈ, ਡਾਕਟਰ, ਇੰਜੀਨੀਅਰ, ਵਕੀਲ, ਚਾਰਟਡ ਅਕਾਉਂਟੈਂਟ, ਆਰਕੀਟੈਕਟ ਆਦਿ ਵਰਗ ਜੋ ਕਿ ਜ਼ਿਆਦਾ ਸਰਮਾਏਦਾਰ ਕੈਟਾਗਿਰੀ ਵਿਚ ਆਉਂਦਾ ਹੈ, ਲਈ ਇਹ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਵਿਭਾਗੀ ਪੱਤਰ ਮੁਤਾਬਕ ਇਹ ਸਹੂਲਤ ਸਿਰਫ ਐੱਸ. ਸੀ. ਤੇ ਬੀ. ਸੀ. ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਮਿਲੇਗੀ, ਜਿਨ੍ਹਾਂ ਦਾ ਘਰੇਲੂ ਲੋਡ 1 ਕਿਲੋਵਾਟ ਤੱਕ ਹੋਵੇਗਾ।
ਯਾਦ ਰਹੇ ਕਿ ਪੰਜਾਬ ਵਿਚ ਇਸ ਵੇਲੇ ਬਿਜਲੀ ਦੀਆਂ ਮਹਿੰਗੀਆਂ ਦਰਾਂ ਵੱਡਾ ਮੁੱਦਾ ਬਣੀਆਂ ਹੋਈਆਂ ਹਨ। ਅੱਜ ਪੰਜਾਬ ਵਿਧਾਨ ਸਭਾ ਵਿਚ ਵੀ ਅਕਾਲੀ ਦਲ ਵੱਲੋਂ ਇਹ ਮੁੱਦਾ ਜ਼ੋਰਾ-ਸ਼ੋਰ ਨਾਲ ਉਠਾਇਆ ਗਿਆ।


KamalJeet Singh

Content Editor

Related News