ਤੇਲ ਨਾ ਵੰਡਿਆ ਤਾਂ ਫੂਡ ਸਪਲਾਈ ਦਫਤਰ ''ਤੇ ਦੇਵਾਂਗੇ ਧਰਨਾ
Thursday, Aug 03, 2017 - 01:06 AM (IST)
ਅੰਮ੍ਰਿਤਸਰ, (ਜ. ਬ.)- ਕਾਗਜ਼ਾਂ 'ਚ ਲੱਖਾਂ ਲੀਟਰ ਮਿੱਟੀ ਦਾ ਤੇਲ ਵੰਡਿਆ ਜਾ ਚੁੱਕਾ ਹੈ ਪਰ ਅਸਲੀਅਤ 'ਚ ਗਰੀਬਾਂ ਨੂੰ ਇਸ ਦਾ 10 ਫ਼ੀਸਦੀ ਵੀ ਨਹੀਂ ਵੰਡਿਆ ਗਿਆ, ਇਸ ਦੇ ਵਿਰੋਧ ਵਿਚ ਅੱਜ ਮਹਾਨਗਰ ਦੇ ਇਕ ਸਲੱਮ ਇਲਾਕੇ ਵਿਚ ਨੀਲੇ ਕਾਰਡ ਹੋਲਡਰਾਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ 2 ਦਿਨਾਂ ਦੇ ਅੰਦਰ ਗਰੀਬਾਂ ਨੂੰ ਮਿੱਟੀ ਦਾ ਤੇਲ ਨਹੀਂ ਵੰਡਿਆ ਗਿਆ ਤਾਂ ਫੂਡ ਸਪਲਾਈ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਸਾਲਾਂ ਤੋਂ ਲੋਕ ਆਪਣੇ ਰਾਸ਼ਨ ਕਾਰਡ ਜੋ ਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵਿਚ ਨੀਲੇ ਕਾਰਡ ਬਣ ਗਏ, ਮਿੱਟੀ ਦੇ ਤੇਲ ਦਾ ਇੰਤਜ਼ਾਰ ਕਰ ਰਹੇ ਹਨ ਪਰ ਅੱਜ ਤੱਕ ਇਨ੍ਹਾਂ ਲੋਕਾਂ ਨੂੰ ਇਕ ਵੀ ਬੂੰਦ ਮਿੱਟੀ ਦਾ ਤੇਲ ਨਹੀਂ ਮਿਲਿਆ, ਜਿਸ ਨਾਲ ਵਿਸ਼ੇਸ਼ ਕਰ ਕੇ ਔਰਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਹੋਲਸੇਲ ਏਜੰਸੀਆਂ ਤੋਂ ਮਿੱਟੀ ਦਾ ਤੇਲ ਚੁਕਵਾਇਆ ਜਾ ਰਿਹਾ ਹੈ ਅਤੇ ਡਿਪੂ ਹੋਲਡਰਾਂ ਨੂੰ ਆਪਣੇ ਡਿਪੂਆਂ 'ਤੇ ਤੇਲ ਲਿਜਾਣ ਲਈ ਕਿਹਾ ਜਾ ਰਿਹਾ ਹੈ। ਤੇਲ ਵੰਡਣ ਸਬੰਧੀ ਅਜੇ ਤੱਕ ਹੈੱਡਕੁਆਰਟਰ ਵੱਲੋਂ ਲਿਸਟ ਨਹੀਂ ਆਈ ਹੈ। ਕਈ ਵਾਰਡਾਂ ਵਿਚ ਤਾਂ ਇੰਸਪੈਕਟਰਾਂ ਵੱਲੋਂ ਮਿੱਟੀ ਦਾ ਤੇਲ ਚੁੱਕਿਆ ਵੀ ਨਹੀਂ ਗਿਆ ਹੈ।\ ਇਸ ਸਬੰਧੀ ਡੀ. ਐੱਫ. ਐੱਸ. ਓ. ਰਮਿੰਦਰ ਸਿੰਘ ਬਾਠ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਮਿੱਟੀ ਦਾ ਤੇਲ ਨਹੀਂ ਮਿਲਿਆ, ਉਹ ਦਫਤਰ ਵਿਚ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਮਿੱਟੀ ਦਾ ਤੇਲ ਗਰੀਬ ਲੋਕਾਂ ਲਈ ਹੀ ਸਰਕਾਰ ਵੱਲੋਂ ਭੇਜਿਆ ਜਾਂਦਾ ਹੈ ਅਤੇ ਇਹ ਗਰੀਬਾਂ ਦਾ ਹੱਕ ਹੈ, ਜੇਕਰ ਕਿਸੇ ਕਰਮਚਾਰੀ ਖਿਲਾਫ ਲੋਕਾਂ ਨੂੰ ਸ਼ਿਕਾਇਤ ਹੈ ਤਾਂ ਉਸ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ।
ਕੇਂਦਰ ਸਰਕਾਰ ਹਰ ਸਾਲ ਕਰੋੜਾਂ ਰੁਪਇਆਂ ਦਾ ਬੋਝ ਸਹਿਣ ਕਰ ਕੇ ਸਬਸਿਡੀ 'ਤੇ ਗਰੀਬ ਲੋਕਾਂ ਨੂੰ ਮਿੱਟੀ ਦਾ ਤੇਲ ਮੁਹੱਈਆ ਕਰਵਾਉਂਦੀ ਹੈ ਪਰ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਤੱਕ ਕਾਗਜ਼ਾਂ ਵਿਚ ਹੀ ਮਿੱਟੀ ਦਾ ਤੇਲ ਵੰਡਿਆ ਹੈ। ਪਿਛਲੇ 5 ਸਾਲਾਂ ਦੌਰਾਨ ਵੰਡੇ ਗਏ ਮਿੱਟੀ ਦੇ ਤੇਲ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਅਤੇ ਇਸ ਵਕਤ ਜੋ ਮਾਰਚ 2017 ਤੱਕ ਦਾ ਮਿੱਟੀ ਦੇ ਤੇਲ ਦਾ ਸਵਾ 3 ਲੱਖ ਦਾ ਕੋਟਾ ਰਿਲੀਜ਼ ਕੀਤਾ ਗਿਆ ਹੈ, ਉਸ ਨੂੰ ਡੀ. ਐੱਫ. ਐੱਸ. ਸੀ. ਆਪਣੀ ਨਿਗਰਾਨੀ ਵਿਚ ਗਰੀਬ ਲੋਕਾਂ ਵਿਚ ਵੰਡ ਕਰਵਾਏ, ਨਹੀਂ ਤਾਂ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਫੂਡ ਸਪਲਾਈ ਵਿਭਾਗ ਦੇ ਸਾਰੇ ਵਾਰਡਾਂ ਵਿਚ ਜਾਂਚ ਕਰਵਾਈ ਜਾਵੇ ਕਿ ਪਿਛਲੇ ਸਾਲਾਂ ਦੌਰਾਨ ਕਿੰਨਾ ਮਿੱਟੀ ਦਾ ਤੇਲ ਵੰਡਿਆ ਗਿਆ ਹੈ।
