ਸਹੇਲੀ ਨੂੰ ਬਚਾਉਣ ਗਿਆ ਤਾਂ ਅੱਗੋਂ ਵਿਅਕਤੀ ਨੇ ਪੱਟ ’ਚ ਮਾਰ ''ਤੀ ਗੋਲੀ
Thursday, Jan 22, 2026 - 03:38 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਬਿਕਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਗੋਲੀ ਮਾਰ ਕੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਮਾਛੀਵਾੜਾ ਪੁਲਸ ਵਲੋਂ ਬਿਕਰਮਜੀਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸਦੀ ਮਨਦੀਪ ਕੌਰ ਨਾਲ ਦੋਸਤੀ ਹੈ ਅਤੇ ਅਸੀਂ ਇਕ-ਦੂਜੇ ਕੋਲ ਅਕਸਰ ਆਉਂਦੇ ਜਾਂਦੇ ਰਹਿੰਦੇ ਹਾਂ। ਕੱਲ੍ਹ 11.30 ਵਜੇ ਮਨਦੀਪ ਕੌਰ ਦਾ ਫੋਨ ਆਇਆ ਕਿ ਉਸਦੇ ਘਰ ਹਰਜਿੰਦਰ ਸਿੰਘ ਆਇਆ ਹੈ ਜਿਸ ਦੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਹੈ ਅਤੇ ਮੇਰੇ ਨਾਲ ਗਾਲੀ-ਗਲੋਚ ਕਰ ਰਿਹਾ ਹੈ ਜਿਸ ਕਰਕੇ ਤੂੰ ਜਲਦ ਘਰ ਆ।
ਬਿਆਨਕਰਤਾ ਬਿਕਰਮਜੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਨਦੀਪ ਕੌਰ ਦੇ ਘਰ ਪਹੁੰਚਿਆ ਤਾਂ ਅੱਗੋਂ ਹਰਜਿੰਦਰ ਸਿੰਘ ਖੜਾ ਸੀ ਜਿਸ ਦੇ ਹੱਥ ਵਿਚ ਪਿਸਤੌਲ ਸੀ ਅਤੇ ਉਸਨੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੋਲੀ ਚਲਾ ਦਿੱਤੀ ਜੋ ਉਸਦੇ ਖੱਬੇ ਪੱਟ ਵਿਚ ਜਾ ਵੱਜੀ। ਉਹ ਘਬਰਾ ਕੇ ਜ਼ਮੀਨ ’ਤੇ ਡਿੱਗ ਗਿਆ ਜਿਸ ਨੇ ਬਚਾਓ ਦਾ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ ਜਿਨ੍ਹਾਂ ਨੂੰ ਦੇਖ ਕੇ ਹਰਜਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਸ ਅਨੁਸਾਰ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਗੋਲੀ ਮਾਰਨ ਵਾਲਾ ਹਰਜਿੰਦਰ ਸਿੰਘ ਜੋ ਕਿ ਮਨਦੀਪ ਕੌਰ ਦਾ ਪੁਰਾਣਾ ਦੋਸਤ ਹੈ ਅਤੇ ਉਸਨੇ ਨਵੇਂ ਬਣੇ ਦੋਸਤ ਬਿਕਰਮਜੀਤ ਸਿੰਘ ਨਾਲ ਖ਼ਾਰ ਰੱਖਦਿਆਂ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਵਲੋਂ ਹਰਜਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
