PPCB ਜ਼ਿੰਮੇਵਾਰੀ ਨਿਭਾਉਂਦਾ ਤਾਂ ਕਦੇ ਦੂਸ਼ਿਤ ਨਾ ਹੁੰਦਾ ਬੁੱਢਾ ਦਰਿਆ: ਸੰਤ ਸੀਚੇਵਾਲ
Monday, Jan 12, 2026 - 07:03 PM (IST)
ਲੁਧਿਆਣਾ (ਹਿਤੇਸ਼): ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਮੇਤ ਪਿੰਡ ਭੂਖੜੀ ਖੁਰਦ ਤੋਂ ਸੈਂਟਰਲ ਜੇਲ੍ਹ ਤੱਕ ਬੁੱਢੇ ਦਰਿਆ ਦਾ ਦੌਰਾ ਕੀਤਾ ਗਿਆ। ਉਪਰੰਤ ਸੰਤ ਸੀਚੇਵਾਲ ਵੱਲੋਂ 225 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ ’ਤੇ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਤ ਸੀਚੇਵਾਲ ਨੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੀਆਂ ਡੇਅਰੀਆਂ ਵੱਲੋਂ ਦਰਿਆ ਵਿੱਚ ਗੋਹਾ ਅਤੇ ਮਲਮੂਤਰ ਸੁੱਟਣ, ਬਿਜਲੀ ਕੁਨੈਕਸ਼ਨ ਕੱਟੇ ਜਾਣ ਦੇ ਬਾਵਜੂਦ ਕੁੰਡੀਆਂ ਲਾ ਕੇ ਬਿਜਲੀ ਚੋਰੀ ਕਰਨ, ਦਰਿਆ ਕਿਨਾਰਿਆਂ ’ਤੇ ਹੋ ਰਹੇ ਨਜ਼ਾਇਜ਼ ਕਬਜਿਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ’ਤੇ ਉੱਠ ਰਹੇ ਗੰਭੀਰ ਸਵਾਲਾਂ ’ਤੇ ਤਿੱਖੀ ਨਾਰਾਜ਼ਗੀ ਪ੍ਰਗਟਾਈ। ਉਹਨਾਂ ਕਿਹਾ ਜੇਕਰ ਬੋਰਡ ਨੇ ਆਪਣੀ ਜਿੰਮੇਵਾਰੀ ਨਿਭਾਈ ਹੁੰਦੀ ਤਾਂ ਬੁੱਢਾ ਦਰਿਆ ਕਦੇ ਵੀ ਪਲੀਤ ਨਾ ਹੁੰਦਾ।
ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਅਤੇ ਪਵਿੱਤਰ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਇਸ ਪਵਿੱਤਰ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੁੱਢੇ ਦਰਿਆ ਨੂੰ ਮੁਕੰਮਲ ਸਾਫ ਕਰਨ ਲਈ ਚੱਲ ਰਹੀ ਕਾਰਸੇਵਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਤੱਕ ਜਾਰੀ ਰਹੇਗੀ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੀਪੀਸੀਬੀ ਨੂੰ ਹਿਦਾਇਤਾਂ ਕੀਤੀਆਂ ਕਿ ਵੱਡੀਆਂ ਇੰਡਸਟਰੀਆਂ ਵੱਲੋਂ 31 ਦਸੰਬਰ 2025 ਤੱਕ ਜ਼ੀਰੋ ਡਿਸਚਾਰਜ ਨੂੰ ਲਾਗੂ ਕਰਨ ਦੀ ਮਿਆਦ ਤੈਅ ਕੀਤੀ ਗਈ ਸੀ। ਉਹਨਾਂ ਬੋਰਡ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਤੁਰੰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਪਾਵਰਕਾਮ ਦੇ ਐਨਫੋਰਸਮੈਂਟ ਵਿੰਗ ਨੂੰ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀਆਂ ਹਿਦਾਇਤਾਂ ਕੀਤੀਆਂ। ਮੀਟਿੰਗ ਦੌਰਾਨ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਰਿਆ ਕਿਨਾਰੇ 62 ਨਜ਼ਾਇਜ਼ ਕਬਜਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਖ਼ਿਲਾਫ਼ ‘ਪੰਜਾਬ ਪਬਲਿਕ ਪ੍ਰੈਮਿਸਿਜ਼ ਐਕਟ (ਪੀਪੀਪੀ ਐਕਟ)’ ਤਹਿਤ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੀਟਿੰਗ ਦੌਰਾਨ ਹੀ ਸੰਤ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਨਾਲ ਫ਼ੋਨ ’ਤੇ ਗੱਲ ਕਰਕੇ ਦਰਿਆ ਦੀ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਪਰਮਦੀਪ ਸਿੰਘ ਨੇ ਦੱਸਿਆ ਕਿ ਤਾਜ਼ਪੁਰ ਅਤੇ ਹੈਬੋਵਾਲ ਡੇਅਰੀ ਕੰਪਲੈਕਸਾਂ ਵਿੱਚੋਂ ਗੋਹਾ ਚੁੱਕਣ ਦਾ ਕੰਮ ਅਗਲੇ 15 ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।
ਸੰਤ ਸੀਚੇਵਾਲ ਨੇ ਕਿਹਾ ਕਿ ਦਰਿਆ ਕਿਨਾਰੇ ਰਾਤ ਸਮੇਂ ਸੁਆਹ ਦੀਆਂ ਟਰਾਲੀਆਂ ਸੁੱਟਣ ਅਤੇ ਕੁਝ ਡੇਅਰੀ ਵਾਲਿਆਂ ਨੂੰ ਤੜਕੇ ਤਿੰਨ ਵਜੇ ਦਰਿਆ ਵਿੱਚ ਗੋਹਾ ਸੁੱਟਦਿਆ ਰੰਗੇ ਹੱਥੀਂ ਫੜਿਆ ਗਿਆ ਹੈ। ਉਹਨਾਂ ਅਧਿਕਾਰੀਆਂ ਨੂੰ ਸਖਤ ਤਾੜਨਾ ਕੀਤੀ ਕੇ ਅਜਿਹੀਆਂ ਕਾਰਵਾਈਆਂ ਨੂੰੰ ਰੋਕਣਾ ਪ੍ਰਸ਼ਾਸ਼ਨ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਉਹਨਾਂ ਦੇ ਕਾਰਸੇਵਕ ਦਿਨ ਰਾਤ “ਦਰਿਆ ਦੀ ਪਹਿਰੇਦਾਰੀ” ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਆਪ ਅੱਗੇ ਆ ਪਵਿੱਤਰ ਬੁੱਢੇ ਦਰਿਆ ਦੀ ਪਹਿਰੇਦਾਰੀ ਕਰਨ।
ਮੀਟਿੰਗ ਤੋਂ ਬਾਅਦ ਸੰਤ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਪੱਸ਼ਟ ਕੀਤਾ ਕੇ ਬੁੱਢੇ ਦਰਿਆ ਵਿਚ ਟ੍ਰੀਟ ਕੀਤਾ ਪਾਣੀ ਵੀ ਨਹੀ ਪੈਣਾ ਚਾਹੀਦਾ। ਉਹਨਾਂ ਕਿਹਾ ਕਿ 40 ਤੇ 50 ਐਮ.ਐਲ਼.ਡੀ ਦੇ ਜਿਹੜੇ ਈ.ਟੀ.ਪੀ ਪਲਾਂਟ ਚੱਲ ਰਹੇ ਹਨ ਉਹ ਤੈਅ ਕੀਤੇ ਮਾਪਦੰਡਾਂ ਤੇ ਪੂਰੇ ਨਹੀ ਉਤਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਈਟੀਪੀਜ਼ ਦਾ ਪਾਣੀ ਵੀ ਬੱੁਢੇ ਦਰਿਆ ਵਿੱਚ ਨਹੀ ਪੈਣਾ ਚਾਹੀਦਾ।
ਲੁਧਿਆਣਾ ਸ਼ਹਿਰ ਵਿਚ ਪਹੁੰਚੀ ਕਾਰਸੇਵਾ
ਸੰਤ ਸੀਚੇਵਾਲ ਨੇ ਕਿਹਾ ਕਿ ਵਲੀਪੁਰ, ਜਿੱਥੇ ਬੁੱਢਾ ਦਰਿਆ ਸਤਲੁਜ ਵਿਚ ਮਿਲਦਾ ਹੈ, ਉੱਥੋਂ ਤੱਕ ਨਿਰਮਲ ਪਾਣੀ ਦੀ ਧਾਰਾ ਪਹੁੰਚਾਉਣਾ ਹੀ ਇਸ ਕਾਰਸੇਵਾ ਦਾ ਮਕਸਦ ਹੈ। ਉਹਨਾਂ ਦੱਸਿਆ ਕਿ ਦਰਿਆ ਦੇ ਚੜ੍ਹਦੇ ਪਾਸੇ ਤੋਂ ਸ਼ੁਰੂ ਹੋਈ ਪਵਿੱਤਰ ਬੁੱਢੇ ਦਰਿਆ ਦੀ ਕਾਰਸੇਵਾ, ਸੰਗਤ ਦੇ ਸਹਿਯੋਗ ਨਾਲ ਹੁਣ ਲੁਧਿਆਣਾ ਸ਼ਹਿਰ ਦੀ ਹਦੂਦ ਵਿੱਚ ਦਾਖ਼ਲ ਹੋ ਚੁੱਕੀ ਹੈ। ਚਾਂਦ ਸਿਨੇਮਾ ਕੋਲ ਪੁਲੀ ਹੇਠਾਂ ਦਰਿਆ ਦੇ ਵਹਾਅ ਵਿੱਚ ਰੁਕਾਵਟ ਬਣੇ ਸਾਲਾਂ ਤੋਂ ਜਮ੍ਹਾ ਮਲਬੇ ਅਤੇ ਗਾਰ ਨੂੰ ਹਟਾਇਆ ਜਾ ਰਿਹਾ ਹੈ, ਜੋ ਬਰਸਾਤਾਂ ਦੌਰਾਨ ਸ਼ਹਿਰ ਵਿੱਚ ਹੜ੍ਹਾਂ ਦਾ ਵੱਡਾ ਕਾਰਨ ਬਣਦੇ ਰਹੇ ਹਨ। ਇਸ ਤੋਂ ਪਹਿਲਾਂ ਨੈਸ਼ਨਲ ਹਾਈਵੇਅ 44 ਹੇਠੋਂ ਵੀ ਸਾਲਾਂ ਦੀ ਜਮੀ ਹੋਈ ਗਾਰ ਅਤੇ ਮਲਬੇ ਦੇ 100 ਟਿੱਪਰ ਕੱਢੇ ਗਏ ਸਨ। ਜਿਸਦਾ ਨਤੀਜਾ ਇਹ ਰਿਹਾ ਕਿ ਇਸ ਵਾਰ ਭਾਰੀ ਬਾਰਸ਼ਾਂ ਦੇ ਬਾਵਜੂਦ ਇਲਾਕਾ ਸੁਰੱਖਿਅਤ ਰਿਹਾ। ਨਾਲ ਹੀ, ਗਾਰ ਹਟਾਉਣ ਕਾਰਨ ਪਾਣੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਆ ਰਿਹਾ ਹੈ। ਪਾਣੀ ਦੀ ਜਾਂਚ ਦੌਰਾਨ ਇੱਥੇ ਟੀਡੀਐਸ 632 ਦਰਜ ਹੋਣਾ, ਪਾਣੀ ਦੀ ਗੁਣਵੱਤਾ ਵਿੱਚ ਆ ਰਹੇ ਸੁਧਾਰਾਂ ਦਾ ਨਤੀਜ਼ਾ ਹੈ। ਸੰਤ ਸੀਚੇਵਾਲ ਨੇ ਸਪਸ਼ਟ ਕੀਤਾ ਕਿ ਬੁੱਢੇ ਦਰਿਆ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਦੀ ਪੂਰੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇਗੀ।
