''ਬਾਰੂਦ'' ਦੇ ਢੇਰ ''ਤੇ ਬੈਠੇ ਲੋਕ, ਮੂਕ ਦਰਸ਼ਕ ਬਣਿਆ ਪ੍ਰਸ਼ਾਸਨ

Saturday, Oct 12, 2019 - 05:32 PM (IST)

''ਬਾਰੂਦ'' ਦੇ ਢੇਰ ''ਤੇ ਬੈਠੇ ਲੋਕ, ਮੂਕ ਦਰਸ਼ਕ ਬਣਿਆ ਪ੍ਰਸ਼ਾਸਨ

ਸ਼ਾਹਕੋਟ (ਅਰੁਣ)— ਸ਼ਾਹਕੋਟ ਇਸ ਵੇਲੇ ਬਾਰੂਦ ਦੇ ਢੇਰ ਉਤੇ ਬੈਠਾ ਪ੍ਰਤੀਤ ਹੋ ਰਿਹਾ ਹੈ ਅਤੇ ਇਥੇ ਕਿਸੇ ਵੀ ਵੇਲੇ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ, ਕਿਉਂਕਿ ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿਚ ਵੱਡੀ ਮਾਤਰਾ 'ਚ ਆਤਿਸ਼ਬਾਜ਼ੀ ਅਤੇ ਪਟਾਕਿਆਂ ਦਾ ਜ਼ਖੀਰਾ ਜਮ੍ਹਾ ਹੋ ਚੁੱਕਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਵਾਲੀ 'ਤੇ ਆਤਿਸ਼ਬਾਜ਼ੀ ਅਤੇ ਪਟਾਕਿਆਂ ਨੂੰ ਵੇਚਣ ਲਈ ਵੱਡੇ ਪੱਧਰ 'ਤੇ ਹੋਲਸੇਲਰ ਤੇ ਬਹੁਗਿਣਤੀ 'ਚ ਰਿਟੇਲਰਾਂ ਨੇ ਅਗਾਊਂ ਹੀ ਇਸ ਨੂੰ ਸਟੋਰ ਕਰ ਲਿਆ ਹੈ। ਉਕਤ ਵਿਕਰੇਤਾਵਾਂ ਨੇ ਜ਼ਿਆਦਾਤਰ ਆਪਣਾ ਸਟਾਕ ਖਾਸ-ਖਾਸ ਸਥਾਨਾਂ 'ਤੇ ਸਟੋਰ ਕੀਤਾ ਹੋਇਆ ਹੈ ਅਤੇ ਉਥੇ ਕੋਈ ਅਣਹੋਣੀ ਘਟਨਾ ਵਾਪਰਨ 'ਤੇ ਸੁਰੱਖਿਆ ਦੇ ਕੋਈ ਖਾਸ ਬੰਦੋਬਸਤ ਨਹੀਂ ਕੀਤੇ ਹੋਏ। ਸ਼ਾਹਕੋਟ ਸਬ ਡਵੀਜ਼ਨ ਹੋਣ ਕਾਰਨ ਇਥੇ ਸਬ ਡਿਵੀਜ਼ਨ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਹਨ ਪਰ ਉਚ ਅਧਿਕਾਰੀਆਂ ਦੀ ਨੱਕ ਹੇਠਾਂ ਵੱਡੀ ਪੱਧਰ 'ਤੇ ਸ਼ਹਿਰ 'ਚ ਆਤਿਸ਼ਬਾਜ਼ੀ ਤੇ ਪਟਾਕੇ ਸਟਾਕ ਹੋ ਰਹੇ ਹਨ, ਅਧਿਕਾਰੀ ਮੂਕ ਦਰਸ਼ਕ ਬਣੇ ਬੈਠੇ ਹਨ।

ਗੁਰਦਾਸਪੁਰ ਘਟਨਾ ਤੋਂ ਨਹੀਂ ਲਿਆ ਸਬਕ
ਸ਼ਹਿਰ ਅੰਦਰ ਜਿਸ ਹਿਸਾਬ ਨਾਲ ਬਾਰੂਦ ਸਟੋਰ ਹੋਇਆ ਹੈ, ਉਸ ਨੂੰ ਵੇਖ ਕੇ ਲਗਦਾ ਹੈ ਕਿ ਸ਼ਾਹਕੋਟ ਪ੍ਰਸ਼ਾਸਨ ਨੇ ਗੁਰਦਾਸਪੁਰ ਘਟਨਾ ਤੋਂ ਕੋਈ ਸਬਕ ਨਹੀਂ ਲਿਆ ਹੈ। ਗੁਰਦਾਸਪੁਰ 'ਚ ਹੋਏ ਪਟਾਕਾ ਫੈਕਟਰੀ ਧਮਾਕਾ ਮਾਮਲੇ ਵਿਚ ਕਈ ਦਰਜਨ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਇਸ ਸਭ ਤੋਂ ਬਾਅਦ ਪੰਜਾਬ ਅੰਦਰ ਕਈ ਥਾਈਂ ਪਟਾਕਾ ਵਿਕਰੇਤਾਵਾਂ ਖਿਲਾਫ ਕਾਰਵਾਈ ਕੀਤੀ ਗਈ ਪਰ ਸਥਾਨਕ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਧਿਆਨ ਦੇਣਾ ਲਾਜ਼ਮੀ ਨਹੀਂ ਸਮਝਿਆ।

ਕੀ ਹਨ ਹਾਈਕੋਰਟ ਦੇ ਹੁਕਮ
ਬੀਤੇ ਵਰ੍ਹੇ ਹਾਈਕੋਰਟ ਨੇ ਸਾਫ ਦਿਸ਼ਾ ਨਿਰਦੇਸ਼ ਦਿੱਤੇ ਸਨ ਕਿ ਸ਼ਹਿਰ 'ਚ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੇ ਅੰਦਰੂਨੀ ਬਾਜ਼ਾਰਾਂ ਵਿਚ ਕਿਸੇ ਤਰ੍ਹਾਂ ਦਾ ਪਟਾਕਾ ਸਟਾਕ ਨਹੀਂ ਕੀਤਾ ਜਾ ਸਕਦਾ। ਇਸ ਲਈ ਸ਼ਹਿਰੀ ਇਲਾਕੇ ਅਤੇ ਕਾਲੋਨੀਆਂ ਤੋਂ ਦੂਰ ਪਟਾਕਿਆਂ ਦਾ ਗੋਦਾਮ 'ਚ ਭੰਡਾਰਨ ਕੀਤਾ ਜਾ ਸਕਦਾ ਹੈ। ਨਾਲ ਹੀ ਜਿਨ੍ਹਾਂ ਦੇ ਕੋਲ ਐਕਸਪਲੋਸਿਵ ਲਾਇਸੈਂਸ ਹਨ, ਉਹ ਹੀ ਪਟਾਕੇ ਵੇਚ ਸਕਦੇ ਹਨ।

ਐਕਸਪਲੋਸਿਵ ਐਕਟ ਪੁਲਸ ਲਾਉਂਦੀ ਹੀ ਨਹੀਂ
ਪੁਲਸ ਨਾਜਾਇਜ਼ ਤੌਰ 'ਤੇ ਪਟਾਕਾ ਸਟੋਰ ਕਰਨ ਵਾਲਿਆਂ ਦੇ ਖਿਲਾਫ ਕਦੀ ਸਖਤੀ ਨਾਲ ਕਾਰਵਾਈ ਕਰਦੀ ਹੀ ਨਹੀਂ। ਪਟਾਕਿਆਂ ਨੂੰ ਜ਼ਬਤ ਕਰਕੇ ਐਕਸਪਲੋਸਿਵ ਐਕਟ ਨਹੀਂ ਲਾਇਆ ਜਾਂਦਾ।


author

shivani attri

Content Editor

Related News