ਸਾਵਧਾਨ! ਕਿਤੇ ਪਟਾਕੇ ਜ਼ਿੰਦਗੀ ''ਚ ਨਾ ਕਰ ਦੇਣ ਹਨੇਰਾ

10/19/2017 1:28:11 AM

ਜਲਾਲਾਬਾਦ(ਗੁਲਸ਼ਨ)—ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਦੀ ਹਰੇਕ ਵਰਗ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਇਸ ਤਿਉਹਾਰ ਦੀ ਉਡੀਕ ਹੋਵੇ ਵੀ ਕਿਉਂ ਨਾ। ਚਾਰੇ ਪਾਸਿਓਂ ਹਨੇਰੇ ਨੂੰ ਮਿਟਾਉਂਦੀ ਦੀਵਿਆਂ ਦੀ ਰੌਸ਼ਨੀ, ਖੁਸ਼ੀ ਦਾ ਮਾਹੌਲ, ਪਟਾਕਿਆਂ ਦੀ ਗੂੰਜ ਅਤੇ ਆਪਣਿਆਂ ਦਾ ਪਿਆਰ ਨਜ਼ਰ ਆਉਂਦਾ ਹੈ। ਪਟਾਕਿਆਂ ਦੇ ਵਧਦੇ ਕ੍ਰੇਜ਼ ਦੇ ਨਾਲ-ਨਾਲ ਨੌਜਵਾਨਾਂ ਵਿਚ ਪਟਾਕਿਆਂ ਨੂੰ ਲੈ ਕੇ ਛਿੜੇ ਮੁਕਾਬਲੇ ਜੀਵਨ ਵਿਚ ਹਨੇਰਾ ਵੀ ਕਰ ਸਕਦੇ ਹਨ। ਹਾਲਾਂਕਿ ਬਿਨਾਂ ਪਟਾਕਿਆਂ ਦੀਵਾਲੀ ਸੁੰਨੀ ਲੱਗਦੀ ਹੈ ਪਰ ਪਟਾਕੇ ਚਲਾਉਣ ਸਮੇਂ ਵਰਤੀ ਗਈ ਥੋੜ੍ਹੀ ਜਿਹੀ ਲਾਪ੍ਰਵਾਹੀ ਸਾਰੀ ਉਮਰ ਲਈ ਪਛਤਾਵਾ ਬਣ ਸਕਦੀ ਹੈ। ਇਕ ਅੰਦਾਜ਼ੇ ਅਨੁਸਾਰ ਦੀਵਾਲੀ ਦੇ ਦਿਨ ਲੱਖਾਂ ਲੋਕ ਅੱਗ ਦੀ ਲਪੇਟ ਵਿਚ ਆ ਕੇ ਗੰਭੀਰ ਜਾਂ ਫਿਰ ਮਾਮੂਲੀ ਤੌਰ 'ਤੇ ਝੁਲਸ ਜਾਂਦੇ ਹਨ। ਪਟਾਕਿਆਂ ਵਿਚ ਮੌਜੂਦ ਵਿਸਫੋਟਕ ਰਸਾਇਣ ਨਾਲ ਹਰੇਕ ਸਾਲ 5 ਹਜ਼ਾਰ ਲੋਕ ਆਪਣੇ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ, ਜਿਸ 'ਚ 80 ਫੀਸਦੀ ਮਰਦ ਹੁੰਦੇ ਹਨ। ਪਟਾਕਿਆਂ ਵਿਚ ਕਈ ਹਾਨੀਕਾਰਕ ਗੈਸਾਂ ਤੋਂ ਇਲਾਵਾ ਕਾਪਰ, ਲੈਡ, ਕੈਡਮੀਅਮ, ਜਿੰਕ, ਸੋਡੀਅਮ, ਪੋਟਾਸ਼ੀਅਮ, ਮੈਗਨੀਜ਼ ਵਰਗੇ ਭਾਰੀ ਤੱਤਾਂ ਦੇ ਨਾਲ-ਨਾਲ ਛੋਟੇ-ਛੋਟੇ ਕਣ ਵੀ ਹੁੰਦੇ ਹਨ, ਜੋ ਹਵਾ ਵਿਚ ਘੁੱਲ ਕੇ ਇਸ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਸਾਹ ਨਾਲ ਇਹ ਤੱਤ ਫੇਫੜਿਆਂ ਵਿਚ ਚਲੇ ਜਾਂਦੇ ਹਨ, ਜਿਸ ਨਾਲ ਅਸਥਮਾ ਰੋਗੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਸ ਕਰ ਕੇ ਅਸਥਮਾ ਅਟੈਕ ਦਾ ਖਤਰਾ ਵੀ ਵੱਧ ਜਾਂਦਾ ਹੈ। ਸਾਵਧਾਨੀ ਅਤੇ ਸਮਝਦਾਰੀ ਨਾਲ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਦੀਵਾਲੀ ਦੇ ਤਿਉਹਾਰ ਨੂੰ ਮਨਾਉਂਦੇ ਸਮੇਂ ਅਤੇ ਪਟਾਕੇ ਚਲਾਉਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।
ਗਰਭਵਤੀ ਔਰਤਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆਂ 
ਔਰਤ ਰੋਗਾਂ ਦੇ ਮਾਹਿਰ ਡਾ. ਸਿੰਮੀ ਜਸੂਜਾ ਨੇ ਦੱਸਿਆ ਕਿ ਗਰਭਵਤੀ ਔਰਤਾਂ ਲਈ ਪਟਾਕਿਆਂ ਦਾ ਧੂੰਆਂ ਅਤੇ ਆਵਾਜ਼ ਦੋਵੇਂ ਹੀ ਖਤਰਨਾਕ ਹਨ। ਪਟਾਕਿਆਂ ਦਾ ਅਸਰ ਗਰਭਵਤੀ ਔਰਤ ਦੀ ਧੜਕਣ 'ਤੇ ਪੈਂਦਾ ਹੈ, ਜਿਸ ਦਾ ਸਿੱਧੇ ਤੌਰ 'ਤੇ ਅਸਰ ਗਰਭ 'ਚ ਪਲ ਰਹੇ ਬੱਚੇ 'ਤੇ ਪੈਂਦਾ ਹੈ। ਪਟਾਕਿਆਂ ਨਾਲ ਫੈਲਣ ਵਾਲੇ ਪ੍ਰਦੂਸ਼ਣ ਕਾਰਨ ਗਰਭਵਤੀ ਔਰਤਾਂ ਨੂੰ ਸਾਹ ਲੈਣ 'ਚ ਮੁਸ਼ਕਲ ਪੇਸ਼ ਆ ਸਕਦੀ ਹੈ, ਜਿਸ ਕਰ ਕੇ ਗਰਭਵਤੀ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। 
ਬਲੱਡ ਪ੍ਰੈਸ਼ਰ ਵਰਗੀ ਸਮੱਸਿਆ ਨੂੰ ਵਧਾਉਂਦੈ ਪਟਾਕਿਆਂ ਦਾ ਧੂੰਆਂ 
ਪਟਾਕਿਆਂ ਦੇ ਧੂੰਏਂ 'ਚ ਸਸਪੈਕਟਡ ਪਰਟੀਕੁਲਰ ਮੈਟਰ (ਐੱਸ. ਪੀ. ਐੱਮ.) ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ। ਮਾਹਿਰਾਂ ਦੀ ਜੇਕਰ ਮੰਨੀਏ ਤਾਂ ਪਟਾਕਿਆਂ 'ਚ ਮੌਜੂਦ ਹਾਨੀਕਾਰਕ ਤੱਤ ਧੁੰਦ ਕਾਰਨ ਜ਼ਮੀਨ ਦੇ ਕੁਝ ਉਪਰ ਹੀ ਠਹਿਰ ਜਾਂਦੇ ਹਨ। ਸਾਹ ਲੈਂਦੇ ਸਮੇਂ ਨੱਕ ਤੋਂ ਫੇਫੜਿਆਂ ਵਿਚ ਪਹੁੰਚਦੇ ਹਨ, ਜੋ ਕਿ ਅੰਦਰ ਚਿਪਕ ਜਾਂਦੇ ਹਨ। ਇਹ ਸਾਹ ਦੀ ਦਿੱਕਤ, ਅਸਥਮਾ ਅਤੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਨੂੰ ਵਧਾਉਂਦੇ ਹਨ। 
ਪਟਾਕਿਆਂ ਦਾ ਧੂੰਆਂ ਖਤਰਨਾਕ ਕਿਉਂ
ਪਟਾਕਿਆਂ 'ਚ ਸਲਫਰ ਆਕਸਾਈਡ, ਨਾਈਟ੍ਰੋਜਨ ਡਾਈ ਆਕਸਾਈਡ, ਫਾਸਫੋਰਸ, ਪੋਟਾਸ਼ੀਅਮ ਡਾਈ ਆਕਸਾਈਡ ਵਰਗੇ ਰਸਾਇਣਕ ਤੱਤ ਹੁੰਦੇ ਹਨ। ਇਹ ਗੈਸ ਵਿਚ ਬਦਲ ਜਾਂਦੇ ਹਨ, ਜੋ ਕਿ ਨੱਕ ਅਤੇ ਮੂੰਹ ਦੇ ਰਸਤੇ ਸਰੀਰ ਵਿਚ ਜਾ ਕੇ ਨੁਕਸਾਨ ਕਰਦੇ ਹਨ। 
ਪਟਾਕੇ ਚਲਾਉਂਦੇ ਸਮੇਂ ਇੰਝ ਵਰਤੋਂ ਸਾਵਧਾਨੀ 
* ਸਰੀਰ ਤੋਂ 2 ਜਾਂ ਢਾਈ ਫੁੱਟ ਦੀ ਦੂਰੀ 'ਤੇ ਪਟਾਕੇ ਚਲਾਓ।
* ਅਨਾਰ ਨੂੰ ਮਾਚਿਸ ਨਾਲ ਚਲਾਓ।
* ਢਿੱਲੇ ਕੱਪੜੇ ਨਾ ਪਾਓ।
* ਬੱਚਿਆਂ ਨੂੰ ਨਿਗਰਾਨੀ 'ਚ ਪਟਾਕੇ ਚਲਾਉਣ ਦਿਓ।
*  ਪਾਣੀ ਦੀ ਬਾਲਟੀ ਪਟਾਕਿਆਂ ਵਾਲੀ ਥਾਂ 'ਤੇ ਰੱਖੋ।
*  ਧੂੰਏਂ ਤੋਂ ਬਚਣ ਲਈ ਖਿੜਕੀ ਦਰਵਾਜ਼ੇ ਬੰਦ ਰੱਖੋ ਅਤੇ ਸੰਭਵ ਹੋ ਸਕੇ ਤਾਂ ਮੂੰਹ ਤੇ ਨੱਕ ਨੂੰ ਕੱਪੜੇ ਨਾਲ ਢੱਕ ਲਵੋ।
*  ਬਾਹਰ ਨਿਕਲਣਾ ਜ਼ਰੂਰੀ ਹੋਵੇ ਤਾਂ ਐੱਨ-95 ਮਾਸਕ ਦਾ ਇਸਤੇਮਾਲ ਕਰੋ। 
* ਲੋੜ ਪੈਣ 'ਤੇ ਡਾਕਟਰ ਦੀ ਸਲਾਹ ਲਵੋ। 
ਇਹ ਕਰੋ ਉਪਾਅ
* ਅੱਖਾਂ ਵਿਚ ਜਲਨ ਹੋਣ 'ਤੇ ਠੰਡੇ ਪਾਣੀ ਨਾਲ ਧੋਵੋ।
* ਅੱਖਾਂ ਨੂੰ ਨਾ ਰਗੜੋ।
* ਸੜਨ 'ਤੇ ਬਰਫ ਰਗੜੋ।
* ਸਾਹ ਦੇ ਰੋਗੀ ਮਾਸਕ ਲਾ ਕੇ ਨਿਕਲੋ।
* ਕੰਨ 'ਚ ਰੂੰ ਲਾ ਸਕਦੇ ਹੋ।


Related News