Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ ''ਚ ਪਹੁੰਚੇ ਗਿੱਪੀ ਤੇ ਸਰਤਾਜ ਸਣੇ ਕਈ ਕਲਾਕਾਰ

Tuesday, Nov 03, 2026 - 02:10 PM (IST)

Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ ''ਚ ਪਹੁੰਚੇ ਗਿੱਪੀ ਤੇ ਸਰਤਾਜ ਸਣੇ ਕਈ ਕਲਾਕਾਰ

ਜਲੰਧਰ (ਸੋਨੂੰ): ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤ ਦਿਵਿਤ ਔਲਕ ਦਾ ਅੱਜ ਮਾਡਲ ਟਾਊਨ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ। ਇਸ ਮੌਕੇ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਗੁਰਪ੍ਰੀਤ ਘੁੱਗੀ, ਜੈਜ਼ੀ ਬੀ, ਅੰਮ੍ਰਿਤ ਮਾਨ, ਰਣਜੀਤ ਬਾਵਾ, ਇੰਦਰ ਚਾਹਲ, ਬਲਰਾਜ ਬਿਲਗਾ ਸਮੇਤ ਕਈ ਕਲਾਕਾਰ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ। ਜਵਾਨ ਪੁੱਤ ਨੂੰ ਗਵਾਉਣ ਮਗਰੋਂ ਪਰਿਵਾਰ ਦੇ ਹਾਲਾਤ ਵੇਖ ਕੇ ਹਰ ਅੱਖ ਨਮ ਹੋ ਗਈ। 

ਇੱਥੇ ਦੱਸ ਦਈਏ ਕਿ ਜਲੰਧਰ 'ਚ ਐਤਵਾਰ ਦੇਰ ਰਾਤ ਇਕ ਦਰਦਨਾਕ ਸੜਕ ਹਾਦਸੇ 'ਚ ਦਿਵਿਤ ਦੀ ਮੌਤ ਹੋ ਗਈ ਸੀ। ਇਹ ਹਾਦਸਾ ਪੁਲਸ ਲਾਈਨ ਨੇੜੇ ਸਥਿਤ ਫਲਾਈਓਵਰ 'ਤੇ ਵਾਪਰਿਆ। ਦਿਵਿਤ ਆਪਣੇ ਦੋਸਤ ਨਾਲ ਕਾਰ 'ਚ ਸਵਾਰ ਹੋ ਕੇ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਫਲਾਈਓਵਰ 'ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛਿਓਂ ਜਾ ਟਕਰਾਈ, ਜਿਸ ਵਿਚ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਤੇ ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। 

ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨਾਂ ਵਿਚੋਂ ਇਕ ਨੌਜਵਾਨ ਪਟੇਲ ਚੌਕ ਸਥਿਤ 'ਪੱਪੀ ਸਵੀਟਸ' ਪਰਿਵਾਰ ਨਾਲ ਸਬੰਧਤ ਆਰਵ ਤਲਵਾੜ ਵੀ ਸੀ, ਜਿਸ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਹਰਨਾਮਦਾਸਪੁਰਾ ਸਥਿਤ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਅਮਰਨਾਥ ਤਲਵਾੜ ਦੇ ਪੋਤੇ ਅਤੇ ਮਨੋਜ ਤਲਵਾੜ ਦੇ ਸਪੁੱਤਰ ਆਰਵ ਦੇ ਅੰਤਿਮ ਸੰਸਕਾਰ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
 


author

Anmol Tagra

Content Editor

Related News