ਜਲੰਧਰ ''ਚ ਭਿਆਨਕ ਸੜਕ ਹਾਦਸਾ! 10 ਮਹੀਨਿਆਂ ਦੀ ਬੱਚੀ ਦੀ ਗਈ ਜਾਨ
Tuesday, Oct 27, 2026 - 06:04 PM (IST)
ਜਲੰਧਰ (ਮਹਾਜਨ): ਗੜ੍ਹਾ ਰੋਡ 'ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ 10 ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਸ਼ੇਰ ਦੇ ਰਹਿਣ ਵਾਲੇ ਮਨੀ ਅਤੇ ਉਸ ਦੀ ਪਤਨੀ ਨਿਸ਼ਾ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਆਪਣੀ ਬਾਈਕ 'ਤੇ ਘਰ ਪਰਤ ਰਹੇ ਸਨ। ਇਸੇ ਦੌਰਾਨ ਗੜ੍ਹਾ ਰੋਡ 'ਤੇ ਪਿੱਛੋਂ ਆ ਰਹੀ ਇਕ ਚਿੱਟੇ ਰੰਗ ਦੀ ਕਾਰ (ਜਿਸ ਦਾ ਨੰਬਰ 2532 ਦੱਸਿਆ ਜਾ ਰਿਹਾ ਹੈ) ਦੇ ਚਾਲਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਉਹ ਸੜਕ 'ਤੇ ਡਿੱਗ ਪਏ, ਪਰ ਕਾਰ ਚਾਲਕ ਗੱਡੀ ਰੋਕੇ ਬਿਨਾਂ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਹਾਦਸੇ ਦੌਰਾਨ 10 ਮਹੀਨੇ ਦੀ ਬੱਚੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਘਟਨਾ ਤੋਂ ਬਾਅਦ ਨੇੜਲੇ ਇਕ ਘਰ ਦਾ ਪਰਿਵਾਰ ਅਤੇ ਇਕ ਹੋਰ ਕਾਰ ਚਾਲਕ ਮਦਦ ਲਈ ਅੱਗੇ ਆਏ ਅਤੇ ਜ਼ਖ਼ਮੀ ਬੱਚੀ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਗਏ। ਉੱਥੋਂ ਦੇ ਡਾਕਟਰਾਂ ਨੇ ਬੱਚੀ ਨੂੰ ਪਿਮਸ (PIMS) ਹਸਪਤਾਲ ਰੈਫ਼ਰ ਕਰ ਦਿੱਤਾ। ਪਿਮਸ ਤੋਂ ਬਾਅਦ ਉਸ ਨੂੰ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਲਈ ਰੈਫ਼ਰ ਕੀਤਾ ਗਿਆ, ਪਰ ਲੁਧਿਆਣਾ ਲੈ ਕੇ ਜਾਂਦੇ ਸਮੇਂ ਰਸਤੇ ਵਿਚ ਹੀ ਬੱਚੀ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ।
