ਪੰਜਾਬ DGP ਸਖ਼ਤ! ਰਾਜਸਥਾਨ, ਹਿਮਾਚਲ ਸਣੇ ਵੱਖ-ਵੱਖ DGPs ਸਾਹਮਣੇ ਚੁੱਕਿਆ ਫਾਰਮਾ ਡਰੱਗਜ਼ ਦਾ ਮਾਮਲਾ
Thursday, Oct 22, 2026 - 11:09 AM (IST)
ਜਲੰਧਰ (ਧਵਨ)-ਪੰਜਾਬ ਪੁਲਸ ਨੇ ਫਾਰਮਾ ਡਰੱਗਜ਼ ਦਾ ਮਾਮਲਾ ਹੁਣ ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਡੀ. ਜੀ. ਪੀਜ਼. ਸਾਹਮਣੇ ਉਠਾਇਆ ਹੈ ਕਿਉਂਕਿ ਇਸ ਸਮੇਂ ਬਾਹਰੀ ਸੂਬਿਆਂ ਤੋਂ ਹੀ ਪੰਜਾਬ ’ਚ ਫਾਰਮਾ ਡਰੱਗਜ਼ ਤੇਜ਼ੀ ਨਾਲ ਪਹੁੰਚ ਰਹੇ ਹਨ, ਜਿਨ੍ਹਾਂ ਦਾ ਸੇਵਨ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ 'ਚ ਨਸ਼ੀਲੀਆਂ ਦਵਾਈਆਂ ਬਣਦੀਆਂ ਹਨ, ਉਨ੍ਹਾਂ ਕੰਪਨੀਆਂ 'ਤੇ ਸਬੰਧਤ ਸੂਬਿਆਂ ਦੀ ਪੁਲਸ ਅਤੇ ਸਰਕਾਰ ਵੱਲੋਂ ਨਿਗਰਾਨੀ ਰੱਖਣ ਦੀ ਲੋੜ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੰਪਨੀਆਂ ਵੱਲੋਂ ਇਹ ਨਸ਼ੀਲੀਆਂ ਦਵਾਈਆਂ ਕਿੰਨੀ ਮਾਤਰਾ ’ਚ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਕਿਹਾ ਹੋਇਆ ਹੈ ਕਿ ਫਾਰਮਾ ਕੰਪਨੀਆਂ ਦੀ ਚੈਕਿੰਗ ਦੇ ਕੰਮ ’ਚ ਡਰੱਗ ਇੰਸਪੈਕਟਰਾਂ ਦੇ ਨਾਲ-ਨਾਲ ਪੁਲਸ ਨੂੰ ਵੀ ਸ਼ਾਮਲ ਕੀਤਾ ਜਾਵੇ। ਐੱਨ. ਡੀ. ਪੀ. ਐੱਸ. ਐਕਟ ’ਚ ਸੋਧ ਨੂੰ ਲੈ ਕੇ ਅਸੀਂ ਪਹਿਲਾਂ ਹੀ ਪ੍ਰਸਤਾਵ ਭੇਜ ਚੁੱਕੇ ਹਾਂ।
ਇਹ ਵੀ ਪੜ੍ਹੋ: ਪੰਜਾਬ 'ਚ 24 ਤਾਰੀਖ਼ ਤੋਂ ਬਦਲੇਗਾ ਮੌਸਮ! IMD ਦੀ ਵੱਡੀ ਭਵਿੱਖਬਾਣੀ, ਦੋ ਦਿਨ ਪੈ ਸਕਦੈ ਮੀਂਹ
ਉਨ੍ਹਾਂ ਕਿਹਾ ਕਿ ਮਾਨਸਾ ’ਚ ਕੈਮਿਸਟ ਸ਼ਾਪ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਦੀ ਗੋਲ਼ੀ ਮਾਰ ਕੇ ਕਤਲ ਕਰਨਾ ਇਕ ਮੰਦਭਾਗੀ ਘਟਨਾ ਸੀ। ਪੰਜਾਬ ਪੁਲਸ ਨੇ ਤੁਰੰਤ ਐੱਫ਼. ਆਈ. ਆਰ. ਦਰਜ ਕਰਕੇ ਮੁੱਖ ਦੋਸ਼ੀ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਰਿਵਾਰ ਦੀ ਮੰਗ 'ਤੇ ਪੰਜਾਬ ਸਰਕਾਰ ਨੇ ਜਾਂਚ ਦੀ ਜ਼ਿੰਮੇਵਾਰੀ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਤੋਂ ਮਾਨਸਾ 'ਚ ਅੰਦੋਲਨ ਕਰ ਰਹੇ ਲੋਕਾਂ ਨਾਲ ਪੰਜਾਬ ਸਰਕਾਰ ਦੀ ਗੱਲਬਾਤ ਜਾਰੀ ਹੈ।
ਇਹ ਵੀ ਪੜ੍ਹੋ: 22 ਨਵੰਬਰ ਨੂੰ ਪਾਕਿ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ, 1828 ਸ਼ਰਧਾਲੂਆਂ ਦੇ ਪਾਸਪੋਰਟ ਹੋਏ ਜਮ੍ਹਾ
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਪਿਛਲੇ ਕੁਝ ਸਮੇਂ ਦੌਰਾਨ 1288 ਅਪਰਾਧਿਕ ਮਾਡਿਊਲ ਨਸ਼ਟ ਕੀਤੇ ਹਨ ਅਤੇ 3300 ਤੋਂ ਵੱਧ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 16 ਮਾਰਚ 2022 ਤੋਂ ਹੁਣ ਤੱਕ ਐੱਨ. ਡੀ. ਪੀ. ਐੱਸ. ਐਕਟ ਤਹਿਤ 95,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ 1.27 ਲੱਖ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਸ਼ਾ ਸਮੱਗਲਰਾਂ ਦੀ 902 ਕਰੋੜ ਰੁਪਏ ਦੀ ਜਾਇਦਾਦ ਫ੍ਰੀਜ਼ ਕੀਤੀ ਜਾ ਚੁੱਕੀ ਹੈ। ਅਦਾਲਤਾਂ 'ਚ 90 ਫ਼ੀਸਦੀ ਲੋਕਾਂ ਨੂੰ ਦੋਸ਼ੀ ਸਾਬਤ ਹੋਣ ’ਤੇ ਸਜ਼ਾ ਦਿਵਾਉਣ ਵਾਲਾ ਸੂਬਾ ਵੀ ਪੰਜਾਬ ਹੀ ਹੈ। ਉਨ੍ਹਾਂ ਕਿਹਾ ਕਿ ਕੁੜੀਆਂ 'ਚ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ। ਪੂਰੇ ਦੇਸ਼ 'ਚ ਹੋਈ ਹੈਰੋਇਨ ਦੀ ਬਰਾਮਦਗੀ ’ਚੋਂ 60 ਫ਼ੀਸਦੀ ਬਰਾਮਦਗੀ ਇਕੱਲੇ ਪੰਜਾਬ ’ਚ ਹੋਈ ਹੈ। ਪਾਕਿਸਤਾਨ ’ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਬੇਨਕਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਜਸਵੰਤ ਸਿੰਘ ਦੇ ਮਾਮਲੇ ’ਚ ਪੁਲਸ ਨੂੰ ਅਹਿਮ ਸੁਰਾਗ ਮਿਲ ਚੁੱਕੇ ਹਨ ਅਤੇ ਜਲਦ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
