ਡਰਾਈਵਿੰਗ ਟੈਸਟ ਸੈਂਟਰ ’ਤੇ 5 ਦਿਨ ਤੋਂ ਕੰਮਕਾਜ ਠੱਪ, ਲਾਇਸੈਂਸ ਬਣਾਉਣ ਪਹੁੰਚੇ ਲੋਕ ਹੋਏ ਖੱਜਲ ਖੁਆਰ
Thursday, Oct 22, 2026 - 08:18 AM (IST)
ਜਲੰਧਰ (ਚੋਪੜਾ) : ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ, ਨੇੜੇ ਬੱਸ ਸਟੈਂਡ ਵਿਚ ਪਿਛਲੇ 5 ਦਿਨ ਤੋਂ ਲਗਾਤਾਰ ਕੰਮਕਾਜ ਪ੍ਰਭਾਵਿਤ ਹੋਣ ਕਾਰਨ ਡਰਾਈਵਿੰਗ ਲਾਇਸੈਂਸ ਬਣਾਉਣ ਅਤੇ ਹੋਰ ਲਾਇਸੈਂਸ ਸਬੰਧੀ ਸੇਵਾਵਾਂ ਲਈ ਆਉਣ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਬੁੱਧਵਾਰ ਨੂੰ ਸੈਂਟਰ ਵਿਚ ਸਵੇਰੇ ਰੋਜ਼ਾਨਾ ਵਾਂਗ ਕੰਮਕਾਜ ਸ਼ੁਰੂ ਹੋਇਆ ਪਰ ਕੁਝ ਸਮੇਂ ਬਾਅਦ ਹੀ ਸੰਯੁਕਤ ਤਾਲਮੇਲ ਕਮੇਟੀ ਦੇ ਸੱਦੇ ’ਤੇ ਕਰਮਚਾਰੀਆਂ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਬੰਦ ਕਰਵਾ ਦਿੱਤਾ। ਇਸ ਕਾਰਨ ਆਨਲਾਈਨ ਅਪੁਆਇੰਟਮੈਂਟ ਲੈ ਕੇ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਸੈਂਟਰ ਬੰਦ ਰਿਹਾ। ਇਸ ਤੋਂ ਬਾਅਦ ਸੋਮਵਾਰ ਨੂੰ ਸੈਂਟਰ ਦੇ ਬਾਹਰ ਲੱਗਾ ਟਰਾਂਸਫਾਰਮਰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਡਿੱਗ ਜਾਣ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ। ਮੰਗਲਵਾਰ ਨੂੰ ਦੁਸਹਿਰੇ ਦੀ ਛੁੱਟੀ ਰਹੀ, ਜਦਕਿ ਬੁੱਧਵਾਰ ਅਤੇ ਵੀਰਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਕਾਰਨ ਸੇਵਾਵਾਂ ਬੰਦ ਰਹਿਣ ਦੀ ਸਥਿਤੀ ਬਣ ਗਈ ਹੈ।

ਇਸੇ ਤਰ੍ਹਾਂ ਲਗਾਤਾਰ 5 ਦਿਨਾਂ ਤੋਂ ਸੈਂਟਰ ਦਾ ਕੰਮਕਾਜ ਪ੍ਰਭਾਵਿਤ ਹੋਣ ਨਾਲ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰ ਕੇ ਉਹ ਲੋਕ ਜ਼ਿਆਦਾ ਪ੍ਰੇਸ਼ਾਨ ਹਨ, ਜਿਨ੍ਹਾਂ ਨੇ ਆਨਲਾਈਨ ਅਪੁਆਇੰਟਮੈਂਟ ਲੈ ਕੇ ਆਪਣੇ ਜ਼ਰੂਰੀ ਕੰਮ ਲਈ ਸਮਾਂ ਕੱਢਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਅਪੁਆਇੰਟਮੈਂਟ ਲੈਣ ਦੇ ਬਾਵਜੂਦ ਸੇਵਾਵਾਂ ਉਪਲੱਬਧ ਨਾ ਹੋਣ ਕਾਰਨ ਉਨ੍ਹਾਂ ਦਾ ਸਮਾਂ ਅਤੇ ਆਉਣ-ਜਾਣ ਦਾ ਖਰਚ ਬਰਬਾਦ ਹੋ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਸੈਂਟਰ ਵਿਚ ਕੰਮਕਾਜ ਆਮ ਵਾਂਗ ਹੋਣ ਤੋਂ ਬਾਅਦ ਪੈਂਡਿੰਗ ਅਰਜ਼ੀਆਂ ਅਤੇ ਹੋਰ ਨਵੀਆਂ ਅਪੁਆਇੰਟਮੈਂਟ ਵਾਲੇ ਲੋਕਾਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ।
ਟਰਾਂਸਪੋਰਟ ਵਿਭਾਗ ਦੇ ਦਫਤਰਾਂ ’ਚ ਵੀ ਲਟਕੇ ਕੰਮ, ਆਰ. ਟੀ. ਓ.-ਆਰ. ਟੀ. ਏ. ਕਰਮਚਾਰੀ ਵੀ ਹੜਤਾਲ ’ਚ ਸ਼ਾਮਲ
ਜਲੰਧਰ (ਚੋਪੜਾ)–ਸੰਯੁਕਤ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਆਰ. ਟੀ. ਓ. ਅਤੇ ਆਰ. ਟੀ. ਏ. ਦਫਤਰਾਂ ਦੇ ਕਰਮਚਾਰੀ ਵੀ 2 ਦਿਨਾ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਇਸ ਕਾਰਨ ਟਰਾਂਸਪੋਰਟ ਵਿਭਾਗ ਨਾਲ ਜੁੜੇ ਕੰਮਕਾਜ ’ਤੇ ਅਸਰ ਪਿਆ ਅਤੇ ਲਾਇਸੈਂਸ ਅਤੇ ਵਾਹਨ ਸਬੰਧੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਪਹੁੰਚੇ ਬਿਨੈਕਾਰਾਂ ਨੂੰ ਖਾਲੀ ਹੱਥ ਮੁੜਨਾ ਪਿਆ।

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਸਬ-ਰਜਿਸਟਰਾਰ ਦਫਤਰਾਂ ’ਚ ਰਜਿਸਟਰੀਆਂ ਦਾ ਕੰਮ ਰਿਹਾ ਜਾਰੀ
ਜਲੰਧਰ : ਇਕ ਪਾਸੇ ਜਿਥੇ ਡਿਪਟੀ ਕਮਿਸ਼ਨਰ ਦਫਤਰ ਨਾਲ ਸਬੰਧਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀ 2 ਦਿਨਾ ਸਮੂਹਿਕ ਛੁੱਟੀ ’ਤੇ ਰਹੇ, ਉਥੇ ਹੀ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦਫਤਰਾਂ ਵਿਚ ਕੰਮਕਾਜ ਆਮ ਦਿਨਾਂ ਵਾਂਗ ਜਾਰੀ ਰਿਹਾ। ਇਸ ਨਾਲ ਪ੍ਰਾਪਰਟੀ ਨਾਲ ਸਬੰਧਤ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਪਹੁੰਚੇ ਲੋਕਾਂ ਨੂੰ ਰਾਹਤ ਮਿਲੀ। ਦੋਵੇਂ ਦਫਤਰਾਂ ਵਿਚ ਆਨਲਾਈਨ ਅਪੁਆਇੰਟਮੈਂਟ ਲੈ ਕੇ ਪਹੁੰਚੇ ਬਿਨੈਕਾਰਾਂ ਨੇ ਪ੍ਰਾਪਰਟੀ ਦੀ ਰਜਿਸਟਰੀ, ਤਬਦੀਲ ਮਲਕੀਅਤ, ਵਸੀਅਤ, ਮਾਰਟਗੇਜ ਅਤੇ ਹੋਰ ਦਸਤਾਵੇਜ਼ਾਂ ਨਾਲ ਸਬੰਧਤ ਪ੍ਰਕਿਰਿਆਵਾਂ ਪੂਰੀਆਂ ਕਰਵਾਈਆਂ। ਸਰਕਾਰੀ ਵਿਭਾਗਾਂ ਵਿਚ ਹੜਤਾਲ ਕਾਰਨ ਕੰਮਕਾਜ ਪ੍ਰਭਾਵਿਤ ਹੋਣ ਦੇ ਖਦਸ਼ਿਆਂ ਦੌਰਾਨ ਇਨ੍ਹਾਂ ਦਫਤਰਾਂ ਵਿਚ ਸੇਵਾਵਾਂ ਜਾਰੀ ਰਹਿਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਅਤੇ ਜੁਆਇੰਟ ਸਬ-ਰਜਿਸਟਰਾਰ-2 ਜਗਤਾਰ ਿਸੰਘ ਨੇ ਦੱਸਿਆ ਕਿ ਕਲੈਰੀਕਲ ਸਟਾਫ ਦੇ ਸਮੂਹਿਕ ਛੁੱਟੀ ’ਤੇ ਹੋਣ ਦੇ ਬਾਵਜੂਦ ਰਜਿਸਟ੍ਰੇਸ਼ਨ ਦਾ ਕੰਮ ਪ੍ਰਭਾਵਿਤ ਨਹੀਂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
