ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਦੇ ਆਪਣੇ ਦੂਜੇ ਮੈਚ ’ਚ ਭਾਰਤ ਨੇ ਚੀਨ ਨੂੰ 5-2 ਨਾਲ ਹਰਾਇਆ
Friday, Oct 30, 2026 - 01:45 PM (IST)
ਜਲੰਧਰ, (ਏਜੰਸੀ)- ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸਟ੍ਰਾਈਕਰ ਸੁਖਜੀਤ ਸਿੰਘ ਨੇ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ 2-2 ਗੋਲ ਕੀਤੇ, ਜਿਸ ਨਾਲ ਭਾਰਤ ਨੇ ਵੀਰਵਾਰ ਨੂੰ ਇਥੇ ਏਸ਼ੀਆਈ ਚੈਂਪੀਅਨਜ਼ ਟਰਾਫ਼ੀ (ਏ. ਸੀ. ਟੀ.) ਹਾਕੀ ਟੂਰਨਾਮੈਂਟ ’ਚ ਚੀਨ ਨੂੰ 5-2 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਸੁਖਜੀਤ (12ਵੇਂ ਅਤੇ 34ਵੇਂ ਮਿੰਟ) ਨੇ 2 ਸ਼ਾਨਦਾਰ ਮੈਦਾਨੀ ਗੋਲ ਦਾਗੇ, ਜਦਕਿ ਹਰਮਨਪ੍ਰੀਤ (27ਵੇਂ ਅਤੇ 31ਵੇਂ ਮਿੰਟ) ਨੇ ਭਾਰਤ ਲਈ 2 ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ। ਜੁਗਰਾਜ ਸਿੰਘ (47ਵੇਂ ਮਿੰਟ) ਨੇ ਵੀ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਮੇਜ਼ਬਾਨ ਟੀਮ ਲਈ ਪੈਨਲਟੀ ਕਾਰਨਰ ’ਤੇ ਗੋਲ ਦਾਗਿਆ। ਚੀਨ ਨੇ ਆਪਣੇ ਦੋਵੇਂ ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਉਸ ਲਈ ਪੇਂਗ ਯਾਂਗ (26ਵੇਂ ਮਿੰਟ) ਅਤੇ ਚੋਂਗਕੋਂਗ ਚੇਨ (36ਵੇਂ ਮਿੰਟ) ਨੇ ਇਹ ਗੋਲ ਕੀਤੇ। ਭਾਰਤ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ 13-0 ਨਾਲ ਹਰਾਇਆ ਸੀ, ਜਦਕਿ ਚੀਨ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਮਲੇਸ਼ੀਆ ਤੋਂ 4-5 ਨਾਲ ਹਾਰ ਗਿਆ ਸੀ। ਭਾਰਤ ਆਪਣਾ ਅਗਲਾ ਮੈਚ ਸ਼ੁੱਕਰਵਾਰ ਨੂੰ ਜਾਪਾਨ ਖ਼ਿਲਾਫ਼ ਖੇਡੇਗਾ, ਜਦਕਿ ਚੀਨ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ।
ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਖੇਡ ’ਤੇ ਕੰਟਰੋਲ ਬਣਾ ਕੇ ਰੱਖਿਆ ਅਤੇ ਉਸ ਦੇ ਖਿਡਾਰੀ ਕਈ ਵਾਰ ਸਰਕਲ ’ਚ ਪਹੁੰਚੇ ਪਰ 12ਵੇਂ ਮਿੰਟ ਤੱਕ ਕੋਈ ਢੁੱਕਵਾਂ ਮੌਕਾ ਬਣਾਉਣ ’ਚ ਅਸਫ਼ਲ ਰਹੇ। ਖੇਡ ਦੇ 12ਵੇਂ ਮਿੰਟ ’ਚ ਜੁਗਰਾਜ ਨੇ ਚੀਨ ਦੇ ਸਰਕਲ ਦੇ ਅੰਦਰ ਇਕੱਲੇ ਖੜ੍ਹੇ ਸੁਖਜੀਤ ਨੂੰ ਗੇਂਦ ਦਿੱਤੀ, ਜਿਸ ਨੂੰ ਇਸ ਸਟ੍ਰਾਈਕਰ ਨੇ ਖ਼ੂਬਸੂਰਤੀ ਨਾਲ ਚੀਨ ਦੇ ਗੋਲਕੀਪਰ ਹੁਆਨਯੂ ਵੂ ਦੇ ਉੱਪਰੋਂ ਗੋਲ ’ਚ ਪਾ ਦਿੱਤਾ। ਚੀਨ ਨੂੰ 18ਵੇਂ ਮਿੰਟ ’ਚ ਪੈਨਲਟੀ ਕਾਰਨਰ ਦੇ ਰੂਪ ’ਚ ਪਹਿਲਾ ਮੌਕਾ ਮਿਲਿਆ ਪਰ ਭਾਰਤੀ ਰੱਖਿਆਲਾਈਨ ਨੇ ਇਸ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ 20ਵੇਂ ਮਿੰਟ ’ਚ ਲਗਾਤਾਰ 2 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਇਨ੍ਹਾਂ ਦਾ ਫ਼ਾਇਦਾ ਉਠਾਉਣ ’ਚ ਨਾਕਾਮ ਰਿਹਾ।
ਭਾਰਤੀ ਟੀਮ ਨੇ ਲਗਾਤਾਰ ਹਮਲੇ ਕੀਤੇ ਪਰ ਚੀਨ ਦੀ ਰੱਖਿਆਲਾਈਨ ਨੇ ਚੰਗੀ ਖੇਡ ਦਿਖਾ ਕੇ ਉਸ ਨੂੰ ਗੋਲ ਨਹੀਂ ਕਰਨ ਦਿੱਤਾ। ਚੀਨ ਦੀ ਯੁਵਾ ਅਤੇ ਗੈਰ-ਤਜੁਰਬੇਕਾਰ ਟੀਮ ਨੇ ਪੈਨਲਟੀ ਕਾਰਨਰ ਤੋਂ 26ਵੇਂ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ। ਉਦੋਂ ਪੇਂਗ ਯਾਂਗ ਨੇ ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਦੇ ਸੱਜੇ ਪਾਸੇ ਡਰੈਗ-ਫ਼ਲਿੱਕ ਨਾਲ ਗੋਲ ਦਾਗਿਆ। ਭਾਰਤ ਨੇ ਜਵਾਬੀ ਹਮਲਾ ਕੀਤਾ ਅਤੇ 1 ਮਿੰਟ ਬਾਅਦ ਹੀ ਫਿਰ ਤੋਂ ਬੜ੍ਹਤ ਹਾਸਲ ਕਰ ਲਈ। ਹਰਮਨਪ੍ਰੀਤ ਨੇ ਭਾਰਤੀ ਟੀਮ ਨੂੰ ਮਿਲੇ ਤੀਜੇ ਪੈਨਲਟੀ ਕਾਰਨਰ ’ਤੇ ਫ਼ਲਿੱਕ ਸ਼ਾਟ ਨਾਲ ਗੋਲ ਕੀਤਾ। ਚੀਨ ਦੀ ਟੀਮ ਨੇ ਹਾਫ਼ਟਾਈਮ ਤੋਂ ਸਿਰਫ 30 ਸੈਕੰਡ ਪਹਿਲਾਂ ਲਗਾਤਾਰ 2 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਨੇ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਨਹੀਂ ਉਠਾਉਣ ਦਿੱਤਾ।
ਭਾਰਤ ਨੇ ਦੂਜੇ ਹਾਫ਼ ਸ਼ਾਨਦਾਰ ਸ਼ੁਰੂਆਤ ਕੀਤੀ। ਹਰਮਨਪ੍ਰੀਤ ਨੇ ਟੀਮ ਦੇ ਚੌਥੇ ਪੈਨਲਟੀ ਕਾਰਨਰ ’ਤੇ ਇਕ ਹੋਰ ਸ਼ਾਨਦਾਰ ਫ਼ਲਿੱਕ ਸ਼ਾਟ ਨਾਲ ਗੋਲ ਕਰ ਕੇ ਭਾਰਤੀ ਟੀਮ ਨੂੰ 3-1 ਦੀ ਬੜ੍ਹਤ ਦੁਆ ਦਿੱਤੀ। ਭਾਰਤ ਨੇ 3 ਮਿੰਟ ਬਾਅਦ ਆਪਣੀ ਬੜ੍ਹਤ ਨੂੰ ਹੋਰ ਮਜ਼ਬੂਤ ਕਰ ਦਿੱਤਾ, ਜਦੋਂ ਸੁਖਜੀਤ ਨੇ ਆਦਿੱਤਿਆ ਅਰਜੁਨ ਲਾਲਗੇ ਦੇ ਪਾਸ ਨੂੰ ਗੋਲ ’ਚ ਬਦਲਿਆ।
ਚੀਨ ਦੇ ਯੁਵਾ ਖਿਡਾਰੀ ਹਾਰ ਮੰਨਣ ਦੇ ਮੂਡ ’ਚ ਨਹੀਂ ਸਨ। ਉਨ੍ਹਾਂ ਨੇ 2 ਮਿੰਟ ਬਾਅਦ ਹੀ ਚੋਂਗਕੋਂਗ ਚੇਨ ਦੇ ਪੈਨਲਟੀ ਕਾਰਨਰ ’ਤੇ ਕੀਤੇ ਗਏ ਗੋਲ ਨਾਲ ਸਕੋਰ 4-2 ਕਰ ਦਿੱਤਾ। ਭਾਰਤ ਨੂੰ ਜਲਦ ਹੀ ਆਪਣਾ 5ਵਾਂ ਪੈਨਲਟੀ ਕਾਰਨਰ ਮਿਲ ਗਿਆ ਪਰ ਇਸ ਵਾਰ ਜੁਗਰਾਜ ਸਿੰਘ ਦੇ ਫ਼ਲਿੱਕ ਸ਼ਾਟ ਨੂੰ ਚੀਨ ਦੇ ਗੋਲਕੀਪਰ ਵੂ ਨੇ ਆਸਾਨੀ ਨਾਲ ਰੋਕ ਦਿੱਤਾ। ਭਾਰਤ ਨੇ ਚੀਨ ਦੀ ਰੱਖਿਆਲਾਈਨ ’ਤੇ ਦਬਾਅ ਬਣਾਏ ਰੱਖਿਆ ਅਤੇ ਚੌਥੇ ਅਤੇ ਆਖਰੀ ਕੁਆਰਟਰ ਦੇ 2 ਮਿੰਟ ਬਾਅਦ ਲਗਾਤਾਰ 2 ਪੈਨਲਟੀ ਕਾਰਨਰ ਹਾਸਲ ਕੀਤੇ। ਇਸ ਵਾਰ ਜੁਗਰਾਜ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਦਮਦਾਰ ਗਰਾਊਂਡਿਡ ਫ਼ਲਿੱਕ ਨਾਲ ਗੋਲ ਕਰ ਦਿੱਤਾ। ਭਾਰਤ ਨੂੰ ਫ਼ਾਈਨਲ ਹੂਟਰ ਵੱਜਣ ਤੋਂ 2 ਮਿੰਟ ਪਹਿਲਾਂ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਹਰਮਨਪ੍ਰੀਤ ਦੇ ਯਤਨ ਨੂੰ ਚੀਨ ਦੇ ਗੋਲਕੀਪਰ ਨੇ ਨਾਕਾਮ ਕਰ ਦਿੱਤਾ।
