ਦੂਸ਼ਿਤ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਨਿਗਮ ਵਿਰੁੱਧ ਕੱਢੀ ਭੜਾਸ

Tuesday, Aug 22, 2017 - 07:21 AM (IST)

ਦੂਸ਼ਿਤ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਨਿਗਮ ਵਿਰੁੱਧ ਕੱਢੀ ਭੜਾਸ

ਅੰਮ੍ਰਿਤਸਰ,  (ਅਗਨੀਹੋਤਰੀ)-  ਨਗਰ ਨਿਗਮ ਅਧੀਨ ਆਉਂਦੇ ਦਫਤਰ ਜ਼ੋਨ ਨੰ. 8 ਛੇਹਰਟਾ ਦੇ ਬਾਹਰ ਜੀ. ਟੀ. ਰੋਡ 'ਤੇ ਵਾਰਡ ਨੰ. 64 ਦੇ ਖੇਤਰ ਹਰਿਗੋਬਿੰਦ ਨਗਰ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਪੀਣ ਵਾਲੇ ਪਾਣੀ 'ਚ ਗੰਦਾ ਪਾਣੀ ਮਿਕਸ ਹੋ ਕੇ ਆਉਣ ਦੇ ਰੋਸ 'ਚ ਇਲਾਕਾ ਨਿਵਾਸੀਆਂ ਨੇ ਕਾਂਗਰਸ ਛੇਹਰਟਾ ਦੇ ਐਕਟਿਵ ਬਲਾਕ ਪ੍ਰਧਾਨ ਵਿੱਕੀ ਖੰਨਾ ਅਤੇ ਅਕਾਲੀ ਆਗੂ ਜਥੇ. ਨਿਰਮਲ ਸਿੰਘ ਮੱਲ੍ਹੀ ਦੀ ਅਗਵਾਈ 'ਚ ਧਰਨਾ ਲਗਾਇਆ ਤੇ ਨਗਰ ਨਿਗਮ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ।
ਨਾਅਰੇਬਾਜ਼ੀ ਕਰਦਿਆਂ ਇਲਾਕਾ ਨਿਵਾਸੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਪੀਣ ਵਾਲੇ ਪਾਣੀ 'ਚ ਗੰਦਾ ਪਾਣੀ ਆਉਣ ਨਾਲ ਜੂਝ ਰਹੇ ਹਨ ਤੇ ਉਕਤ ਜ਼ੋਨ 'ਚ ਕਈ ਵਾਰ ਸ਼ਿਕਾਇਤਾਂ ਕਰਨ 'ਤੇ ਵੀ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਪੀਣ ਵਾਲਾ ਪਾਣੀ ਇੰਨਾ ਗੰਦਾ ਆ ਰਿਹਾ ਹੈ ਕਿ ਪਾਣੀ ਵੱਲ ਦੇਖਣ ਨੂੰ ਵੀ ਦਿਲ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਜਦ ਸੰਬੰਧਿਤ ਜੇ. ਈ. ਸਰਦੂਲ ਸਿੰਘ ਨੂੰ ਗੰਦੇ ਪਾਣੀ ਦੇ ਆਉਣ ਸਬੰਧੀ ਸਮੱਸਿਆ ਦੱਸੀ ਜਾਂਦੀ ਹੈ ਤਾਂ ਉਨ੍ਹਾਂ ਉਕਤ ਸਮੱਸਿਆ ਨੂੰ ਅਣਗੌਲਿਆ ਕਰ ਦਿੱਤਾ। 
ਲੋਕਾਂ ਦੱਸਿਆ ਕਿ ਉਨ੍ਹਾਂ ਪਿਛਲੇ ਕਈ ਦਿਨਾਂ ਤੋਂ ਸਬਮਰਸੀਬਲ ਪੰਪ ਲੱਗੇ ਘਰਾਂ 'ਚੋਂ ਪੀਣ ਲਈ ਪਾਣੀ ਲਿਆ ਕੇ ਦਿਨ ਟਪਾ ਰਹੇ ਹਨ ਤੇ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਉਨ੍ਹਾਂ ਦੱਸਿਆ ਕਿ ਅੱਜ ਪਾਣੀ ਸਿਰ ਤੋਂ ਟੱਪ ਜਾਣ 'ਤੇ ਦੁਖੀ ਹੋ ਕੇ ਉਪਰੋਕਤ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਧਰਨੇ ਕਾਰਨ ਲੋਕਾਂ ਨੂੰ ਟ੍ਰੈਫਿਕ ਸਮੱਸਿਆਵਾਂ ਨਾਲ ਜੂਝਣਾ ਪਿਆ।
ਧਰਨੇ ਦੌਰਾਨ ਸਾਬਕਾ ਕੌਂਸਲਰ ਰਮਨ ਬਖਸ਼ੀ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੁੱਜੇ ਤੇ ਇਸ ਸਮੇਂ ਜੇ. ਈ. ਸਰਦੂਲ ਸਿੰਘ ਵੀ ਨਗਰ ਨਿਗਮ ਦਫਤਰ ਪੁੱਜ ਗਏ। ਪ੍ਰਦਰਸ਼ਨਕਾਰੀਆਂ ਸਾਹਮਣੇ ਪੁੱਛੇ ਜਾਣ 'ਤੇ ਉਕਤ ਜੇ.ਈ. ਨੇ ਉਕਤ ਦੋਸ਼ਾਂ ਨੂੰ ਨਕਾਰਿਆ ਤੇ ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਵਿੱਕੀ ਖੰਨਾ, ਦੀਪਕ ਖੰਨਾ, ਰਮਨ ਬਖ਼ਸ਼ੀ ਅਤੇ ਜਥੇ. ਨਿਰਮਲ ਸਿੰਘ ਮੱਲ੍ਹੀ ਨੂੰ ਭਰੋਸਾ ਦਿਵਾਇਆ ਕਿ ਵੀਰਵਾਰ ਸਵੇਰੇ 10 ਵਜੇ ਤੱਕ ਉਕਤ ਸਮੱਸਿਆ ਨੂੰ ਹੱਲ ਕਰਵਾ ਦਿੱਤਾ ਜਾਵੇਗਾ।
ਇਸ ਦੌਰਾਨ ਪੀਣ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਰਮਨ ਬਖ਼ਸ਼ੀ ਨੇ ਨਗਰ ਨਿਗਮ ਐੱਸ. ਈ. ਅਨੁਰਾਗ ਮਹਾਜਨ ਨਾਲ ਫੋਨ 'ਤੇ ਗੱਲ ਕੀਤੀ ਜਿਸ 'ਤੇ ਨਿਗਮ ਐੱਸ. ਈ. ਵਲੋਂ ਉਪਰੋਕਤ ਸਮੇਂ ਤੱਕ ਪਾਣੀ ਦੇ ਟੈਂਕਰ ਭੇਜੇ ਜਾਣ ਦਾ ਭਰੋਸਾ ਦਿਵਾਇਆ ਹੈ। 
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਨਿਗਮ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਵੀਰਵਾਰ ਸਵੇਰੇ 10 ਵਜੇ ਤੱਕ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਹ ਵੀਰਵਾਰ 12 ਵਜੇ ਦੁਪਹਿਰ ਨੂੰ ਦਫਤਰ ਦੇ ਬਾਹਰ ਮਰਨ ਵਰਤ 'ਤੇ ਬੈਠਣ ਨੂੰ ਮਜਬੂਰ ਹੋਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਅਧਿਕਾਰੀਆਂ ਦੀ ਹੋਵੇਗੀ।
ਇਸ ਸਮੇਂ ਵਾਰਡ ਨੰ.64 ਦੇ ਇੰਚਾਰਜ ਦੀਪਕ ਖੰਨਾ, ਵਿੱਕੀ ਖੰਨਾ, ਕਾਮਰੇਡ ਮਹਿੰਦਰਪਾਲ ਸ਼ਰਮਾ, ਵਰਿੰਦਰ ਕੁਮਾਰ ਫੁੱਲ, ਡਾ. ਮਨੂੰ, ਵਿੱਕੀ ਖੰਨਾ, ਰਮੇਸ਼ ਕੁਮਾਰ ਨਾਰੰਗ, ਸੰਤੋਸ਼ ਸਿੰਘ, ਸਵਿਤਾ ਰਾਣੀ, ਪੁਸ਼ਪਾ ਰਾਣੀ, ਚੰਦਾਵਤੀ, ਸੁਖਜੀਤ ਕੌਰ, ਨਿਰਮਲਜੀਤ ਕੌਰ, ਗੁਰਮੀਤ ਕੌਰ, ਸ਼ੀਲਾ ਰਾਣੀ, ਸੁਨੀਤਾ ਰਾਣੀ, ਠੇਕੇਦਾਰ ਓਂਕਾਰ ਸਿੰਘ, ਵਰਿੰਦਰ ਕੁਮਾਰ, ਕੇਸ਼ਵ ਕੁਮਾਰ ਪ੍ਰਧਾਨ, ਪਵਨ ਕੁਮਾਰ, ਕਸ਼ਮੀਰ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਕੁਲਦੀਪ ਸਿੰਘ, ਹਰੀਨਾਥ, ਨਿਰਮਲ ਸਿੰਘ ਹੰਸ ਆਦਿ ਇਲਾਕਾ ਨਿਵਾਸੀ ਆਦਿ ਹਾਜ਼ਰ ਸਨ।


Related News