ਜ਼ਿਲ੍ਹਾ ਮੈਜਿਸਟ੍ਰੇਟ ਨੇ ਪ੍ਰੈਗਾਬਲਿਨ ਕੈਪਸੂਲ ਦੀ ਵਿਕਰੀ ’ਤੇ ਲਗਾਈ ਪਾਬੰਦੀ
Wednesday, Jun 10, 2026 - 12:04 PM (IST)
ਮਾਨਸਾ (ਮਨਜੀਤ ਕੌਰ) : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ 'ਚ ਪ੍ਰੈਗਾਬਲਿਨ 75 ਐੱਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿਕਰੀ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰੀਸਕਰਿਪਸ਼ਨ ਸਲਿੱਪ ’ਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸਿਵਲ ਸਰਜਨ ਮਾਨਸਾ ਨੇ ਧਿਆਨ ’ਚ ਲਿਆਂਦਾ ਹੈ ਕਿ ਪ੍ਰੈਗਾਬਲਿਨ 300 ਐੱਮ. ਜੀ. ਕੈਪਸੂਲ ਦੀ ਆਮ ਲੋਕਾਂ ਵੱਲੋਂ ਗਲਤ ਵਰਤੋਂ ਕੀਤੀ ਜਾ ਰਹੀ ਹੈ ਅਤੇ ਕਈ ਲੋਕਾਂ ਵੱਲੋਂ ਇਸ ਨੂੰ ਨਸ਼ੇ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ (ਸਿਗਨੇਚਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ)। ਉਨ੍ਹਾਂ ਵੱਲੋਂ ਜ਼ਿਲ੍ਹਾ ਮਾਨਸਾ ’ਚ ਇਸ ਦੀ ਵਿਕਰੀ ’ਤੇ ਬੈਨ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਵੱਲੋਂ ਪ੍ਰਾਪਤ ਰਿਪੋਰਟ ਅਨੁਸਾਰ ਆਮ ਤੌਰ ’ਤੇ ਮਰੀਜ਼ ਨੂੰ ਉਸ ਦੀ ਕਲੀਨਿਕਲ ਕੰਡੀਸ਼ਨ ਦੇ ਅਧਾਰ ’ਤੇ ਪ੍ਰੈਗਾਬਲਿਨ ਦੀ ਡੋਜ਼ 25-150 ਐੱਮ. ਜੀ./ਰੋਜ਼ਾਨਾ ਪ੍ਰੀਸਕਰਾਇਬ ਕੀਤੀ ਜਾ ਸਕਦੀ ਹੈ। ਇਹ ਹੁਕਮ 31 ਜੁਲਾਈ 2026 ਤੱਕ ਲਾਗੂ ਰਹੇਗਾ।
