ਬਰਨਾਲਾ ''ਚ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਆਏ ਸਾਹਮਣੇ

Sunday, May 03, 2020 - 07:17 PM (IST)

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ) : ਜ਼ਿਲ੍ਹਾ ਬਰਨਾਲਾ 'ਚ 15 ਹੋਰ ਮਰੀਜ਼ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਪਾਏ ਗਏ ਹਨ। ਹੁਣ ਤਕ ਦੀ ਬਰਨਾਲਾ ਜ਼ਿਲੇ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਸ. ਐਮ. ਓ. ਅਤੇ ਜ਼ਿਲਾ ਸਿਹਤ ਵਿਭਾਗ ਦੇ ਅਧਿਕਾਰੀ ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਅੱਜ 111 ਵਿਅਕਤੀਆਂ ਰਿਪੋਰਟ ਆਈ, ਜਿਨ੍ਹਾਂ 'ਚੋਂ 15 ਵਿਅਕਤੀ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਪਾਏ ਗਏ। ਹੁਣ ਤੱਕ ਜ਼ਿਲ੍ਹਾ ਬਰਨਾਲਾ 'ਚ ਕੁਲ 637 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 19 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਕ ਔਰਤ ਦੀ ਮੌਤ ਹੋ ਚੁੱਕੀ ਹੈ। ਜਦਕਿ ਇਕ ਔਰਤ ਠੀਕ ਹੋ ਕੇ ਆਪਣੇ ਘਰ ਜਾ ਚੁੱਕੀ ਹੈ। ਹੁਣ ਜ਼ਿਲ੍ਹਾ ਬਰਨਾਲਾ 'ਚ ਕੁੱਲ 17 ਐਕਟਿਵ ਕੇਸ ਹਨ।

514 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ 104 ਵਿਅਕਤੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਅੱਜ ਦੀ ਰਿਪੋਰਟ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਨਿਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲੇ ਤੋਂ ਵੱਡੀ ਗਿਣਤੀ 'ਚ ਲੋਕ ਹਜ਼ੂਰ ਸਾਹਿਬ ਗਏ ਸਨ। ਉਨ੍ਹਾਂ 'ਚੋਂ 74 ਲੋਕ ਵਾਪਸ ਆ ਗਏ ਸਨ। ਉਨ੍ਹਾਂ ਨੂੰ ਏਕਾਂਤਵਾਸ 'ਚ ਰੱਖਿਆ ਗਿਆ ਹੈ। ਜ਼ਿਆਦਾਤਰ ਵਿਅਕਤੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਹੀ ਹਨ। ਦੋ ਸ਼ਰਧਾਲੂ ਕੱਲ੍ਹ ਪਾਜ਼ੇਟਿਵ ਆ ਗਏ ਸਨ। ਪਿਛਲੇ ਦੋ ਦਿਨਾਂ 'ਚ ਹੀ ਕਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਜਦੋਂਕਿ ਪਿਛਲੇ 15 ਦਿਨਾਂ ਵਿਚ ਬਰਨਾਲਾ ਜਿਲੇ 'ਚ ਇਕ ਵੀ ਐਕਟਿਵ ਕੇਸ ਨਹੀਂ ਆਇਆ ਸੀ।
 


Deepak Kumar

Content Editor

Related News