ਜਾਅਲੀ ਦਸਤਾਵੇਜ਼ਾਂ ’ਤੇ ਸਿਮ ਕਾਰਡ ਵੇਚਣ ਵਾਲੇ ਡਿਸਟ੍ਰੀਬਿਊਟਰਾਂ/ਏਜੰਟਾਂ ਵਿਰੁੱਧ ਵੱਡੀ ਕਾਰਵਾਈ ; 17 ਗ੍ਰਿਫ਼ਤਾਰ

05/26/2023 8:37:53 AM

ਜਲੰਧਰ (ਧਵਨ) - ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਸਿਮ ਕਾਰਡ ਜਾਰੀ ਕਰਨ ਦੇ ਰੁਝਾਨ, ਜੋ ਸੁਰੱਖਿਆ ਲਈ ਵੱਡਾ ਖਤਰਾ ਬਣ ਗਿਆ ਹੈ, ਪੰਜਾਬ ਪੁਲਸ ਨੇ ਕਥਿਤ ਤੌਰ ’ਤੇ ਜਾਅਲੀ ਪਛਾਣ ਪੱਤਰ/ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਜਾਰੀ ਕੀਤੇ 1.8 ਲੱਖ ਤੋਂ ਵੱਧ ਸਿਮ ਕਾਰਡਾਂ ਨੂੰ ਬਲਾਕ ਕਰਵਾ ਦਿੱਤਾ ਹੈ। ਇਹ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੇ ਅੰਦਰੂਨੀ ਸੁਰੱਖਿਆ ਵਿੰਗ ਵੱਲੋਂ ਦੂਰਸੰਚਾਰ ਵਿਭਾਗ (ਡੀ. ਓ. ਟੀ.) ਦੇ ਸਹਿਯੋਗ ਨਾਲ ਜਾਅਲੀ ਪਛਾਣ ਦੇ ਸਬੂਤ ਦੇ ਆਧਾਰ ’ਤੇ ਸਿਮ ਕਾਰਡ ਵੇਚਣ ਵਾਲੇ ਡਿਸਟ੍ਰੀਬਿਊਟਰਜ਼/ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕੀਤੀ ਗਈ ਹੈ, ਕਿਉਂਕਿ ਜ਼ਿਆਦਾਤਰ ਸਾਈਬਰ ਅਪਰਾਧ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਜਾਅਲੀ ਦਸਤਾਵੇਜ਼ਾਂ ’ਤੇ ਤੀਜੇ ਧਿਰ ਦੇ ਨਾਂ ਦੀ ਵਰਤੋਂ ਕਰ ਕੇ ਜਾਰੀ ਕੀਤੇ ਗਏ ਮੋਬਾਇਲ ਨੰਬਰਾਂ ਰਾਹੀਂ ਅੰਜਾਮ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : 'ਮੰਦੀ' ਦੀ ਲਪੇਟ 'ਚ ਜਰਮਨੀ ਦੀ ਅਰਥਵਿਵਸਥਾ, ਪਹਿਲੀ ਤਿਮਾਹੀ 'ਚ GDP 'ਚ 0.3 ਫੀਸਦੀ ਦੀ ਗਿਰਾਵਟ

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਜਾਅਲੀ ਸਬੂਤਾਂ ਦੇ ਆਧਾਰ ’ਤੇ ਸਿਮ ਕਾਰਡ ਵੇਚਣ ਵਾਲੇ ਪੁਆਇੰਟ ਆਫ ਸੇਲ (ਪੀ. ਓ. ਐੱਸ.) ਡਿਸਟ੍ਰੀਬਿਊਟਰਜ਼/ਏਜੰਟਾਂ ਅਤੇ ਹੋਰ ਵਿਅਕਤੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਨੇ ਜਾਅਲੀ ਦਸਤਾਵੇਜ਼ਾਂ ’ਤੇ ਸਿਮ ਕਾਰਡਾਂ ਦੀ ਵਿਕਰੀ ’ਚ ਸ਼ਾਮਲ 17 ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਭਰ ’ਚ ਪਿਛਲੇ 3 ਦਿਨਾਂ ਦੌਰਾਨ 52 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਪੰਜਾਬ ਪੁਲਸ ਦੇ ਵਿਸ਼ੇਸ਼ ਡੀ. ਜੀ. ਪੀ. (ਅੰਦਰੂਨੀ ਸੁਰੱਖਿਆ) ਆਰ. ਐੱਨ. ਢੋਕੇ ਨੇ ਦੱਸਿਆ ਕਿ ਉਨ੍ਹਾਂ ਨੇ ਦੂਰਸੰਚਾਰ ਵਿਭਾਗ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ, ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਕਾਊਂਟਰ ਇੰਟੈਲੀਜੈਂਸ ਰਾਕੇਸ਼ ਅਗਰਵਾਲ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ ਅਤੇ ਜਾਅਲੀ ਦਸਤਾਵੇਜ਼ਾਂ ਵਾਲੇ ਸਿਮ ਕਾਰਡਾਂ ਦੀ ਪਛਾਣ ਕਰਨ ਲਈ ਮੁਹਿੰਮ ਜਾਰੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਦੀਆਂ ਵਿਸ਼ੇਸ਼ ਟੀਮਾਂ ਜ਼ਿਲਾ ਪੁਲਸ ਨਾਲ ਤਾਲਮੇਲ ਕਰ ਕੇ ਸਿਮ ਕਾਰਡ ਰਿਟੇਲਰਾਂ ਦੀ ਪਛਾਣ ਕਰ ਰਹੀਆਂ ਹਨ, ਜਿਨ੍ਹਾਂ ਨੇ ਪਛਾਣ ਦੇ ਇਕੋ ਸਬੂਤ ਨਾਲ ਵੱਖ-ਵੱਖ ਮੋਬਾਇਲ ਫ਼ੋਨ ਨੰਬਰ ਜਾਰੀ ਕੀਤੇ ਹਨ। ਉਹ ਅਜਿਹੇ ਏਜੰਟਾਂ ਨੂੰ ਬਲੈਕਲਿਸਟ ਕਰਨ ਲਈ ਟੈਲੀਕਾਮ ਅਥਾਰਟੀ ਕੋਲ ਮੁੱਦਾ ਉਠਾਉਣਗੇ।

ਇਹ ਵੀ ਪੜ੍ਹੋ : 'ਇਤਿਹਾਸ ’ਚ ਪਹਿਲੀ ਵਾਰ 1 ਜੂਨ ਨੂੰ ਡਿਫਾਲਟਰ ਬਣ ਸਕਦਾ ਹੈ ਸੁਪਰਪਾਵਰ ਅਮਰੀਕਾ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News