ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਟੈਂਕੀ ''ਤੇ ਦੁਖੀ ਪਿੰਡ ਵਾਸੀ

Monday, Feb 05, 2018 - 12:58 AM (IST)

ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਟੈਂਕੀ ''ਤੇ ਦੁਖੀ ਪਿੰਡ ਵਾਸੀ

ਸ਼ੇਰਪੁਰ, (ਅਨੀਸ਼)— ਪਿੰਡ ਈਨਾ ਬਾਜਵਾ ਦੇ ਵਾਟਰ ਵਰਕਸ ਦੀ ਲੀਕੇਜ ਕਾਰਨ ਘਰਾਂ 'ਚ ਜਾ ਰਹੇ ਗੰਦੇ ਪਾਣੀ ਦੀ ਸਮੱਸਿਆ ਤੋਂ ਦੁਖੀ ਪਿੰਡ ਵਾਸੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹ ਗਏ। ਜਦੋਂ ਇਸ ਸਬੰਧੀ ਸ਼ੇਰਪੁਰ ਪੁਲਸ ਨੂੰ ਸੂਚਨਾ ਮਿਲੀ ਤਾਂ ਥਾਣਾ ਸ਼ੇਰਪੁਰ ਦੇ ਮੁਖੀ ਰਾਜੇਸ਼ ਕੁਮਾਰ ਪੁਲਸ ਪਾਰਟੀ ਸਣੇ ਪੁੱਜੇ। ਪੀੜਤ ਜੁਝਾਰ ਸਿੰਘ, ਕਮਲਦੀਪ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਹਰਦੀਪ ਸਿੰਘ, ਮਨਜਿੰਦਰ ਸਿੰਘ ਕਾਲਾ, ਹਰਜਿੰਦਰ ਸਿੰਘ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ 'ਤੇ ਚੜ੍ਹ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਕੁਲਦੀਪ ਸਿੰਘ ਅਤੇ ਪ੍ਰੇਮ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਵਾਟਰ ਵਰਕਸ ਦੀ ਮੋਟਰ ਦੀ ਡਲਿਵਰੀ ਦਾ ਪਾਈਪ ਟੁੱਟਣ ਅਤੇ ਪਿੰਡ ਵਿਚਲੀਆਂ ਪਾਣੀ ਵਾਲੀਆਂ ਪਾਈਪਾਂ ਦੇ ਲੀਕੇਜ ਕਾਰਨ ਨਾਲੀਆਂ ਦਾ ਗੰਦਾ ਪਾਣੀ ਟੂਟੀਆਂ ਰਾਹੀਂ ਲੋਕਾਂ ਦੇ ਘਰਾਂ 'ਚ ਆ ਰਿਹਾ ਹੈ, ਜਿਸ ਕਾਰਨ ਉਹ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਵਾਰ-ਵਾਰ ਇਹ ਮਾਮਲਾ ਸਬੰਧਤ ਵਿਭਾਗ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਸਮੱਸਿਆ ਦਾ ਕੋਈ ਪੁਖਤਾ ਹੱਲ ਨਹੀਂ ਕੀਤਾ ਗਿਆ। ਸਗੋਂ ਐੈੱਸ. ਡੀ. ਓ. ਧੂਰੀ ਨੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਪਿੰਡ ਦੇ ਕੁਝ ਵਿਅਕਤੀਆਂ ਨਾਲ ਮਾੜਾ ਵਿਵਹਾਰ ਕੀਤਾ।  
ਐੈੱਸ. ਡੀ. ਓ. ਦੇ ਭਰੋਸੇ 'ਤੇ ਉਤਰੇ ਪ੍ਰਦਰਸ਼ਨਕਾਰੀ
ਤਕਰੀਬਨ 4-5 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਮਹਿਕਮੇ ਦੇ ਐੈੱਸ. ਡੀ. ਓ. ਹਰੀਚਰਨ ਦਾਸ ਵੱਲੋਂ ਵਾਟਰ ਵਰਕਸ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦੇਣ 'ਤੇ ਟੈਂਕੀ 'ਤੇ ਚੜ੍ਹੇ ਵਿਅਕਤੀਆਂ ਨੂੰ ਹੇਠਾਂ ਲਾਹਿਆ ਗਿਆ।
ਕੀ ਕਹਿੰਦੇ ਹਨ ਐੱਸ. ਡੀ. ਓ. ਧੂਰੀ ?
ਜਦੋਂ ਇਸ ਮਾਮਲੇ ਸਬੰਧੀ ਜਲ ਸਿਹਤ ਵਿਭਾਗ ਧੂਰੀ ਦੇ ਐੱਸ. ਡੀ. ਓ. ਹਰੀਚਰਨ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਵਿਅਕਤੀ ਨਾਲ ਮਾੜਾ ਵਿਵਹਾਰ ਨਹੀਂ ਕੀਤਾ। ਵਾਟਰ ਵਰਕਸ ਦੀ ਹੋ ਰਹੀ ਲੀਕੇਜ ਨੂੰ ਜਲਦ ਹੀ ਠੀਕ ਕਰਵਾ ਦਿੱਤਾ ਜਾਵੇਗਾ।


Related News