ਬੇਅਦਬੀ ਕਾਂਡ : ‘ਸਿਟ’ ਵੱਲੋਂ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਤੋਂ ਪੁੱਛਗਿੱਛ ਕਰਨ ਲਈ ਸ਼ਬਦਾਵਲੀ ਤਿਆਰ

Thursday, Nov 04, 2021 - 12:08 PM (IST)

ਬੇਅਦਬੀ ਕਾਂਡ : ‘ਸਿਟ’ ਵੱਲੋਂ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਤੋਂ ਪੁੱਛਗਿੱਛ ਕਰਨ ਲਈ ਸ਼ਬਦਾਵਲੀ ਤਿਆਰ

ਫਰੀਦਕੋਟ (ਜਗਦੀਸ਼): ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ‘ਸਿਟ’ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਤੋਂ ਪੁੱਛਗਿੱਛ ਕਰਨ ਲਈ ਸ਼ਬਦਾਵਲੀ ਤਿਆਰ ਕਰ ਲਈ ਹੈ। ‘ਸਿਟ’ ਵੱਲੋਂ ਬੇਅਦਬੀ ਮਾਮਲੇ ਨਾਲ ਜੁੜੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਦੇ ਕੇਸ ’ਚ ਸੌਦਾ ਸਾਧ ਖ਼ਿਲਾਫ਼ ਫਰੀਦਕੋਟ ਅਦਾਲਤ ’ਚ ਚਲਾਨ ਪੇਸ਼ ਕੀਤਾ ਹੋਇਆ ਹੈ। 25 ਅਕਤੂਬਰ ਨੂੰ ਸੌਦਾ ਸਾਧ ਦਾ ਫਰੀਦਕੋਟ ਦੀ ਅਦਾਲਤ ਤੋਂ 29 ਅਕਤੂਬਰ ਲਈ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕਰਵਾਇਆ ਗਿਆ ਸੀ ਪਰ ਫਰੀਦਕੋਟ ਦੀ ਅਦਾਲਤ ’ਚ ਪੇਸ਼ੀ ਤੋਂ ਇਕ ਦਿਨ ਪਹਿਲਾਂ ਯਾਨੀ 28 ਅਕਤੂਬਰ ਨੂੰ ਹਾਈਕੋਰਟ ਨੇ ਸੌਦਾ ਸਾਧ ਦੇ ਵਾਰੰਟ ’ਤੇ ਰੋਕ ਲਾ ਦਿੱਤੀ ਅਤੇ ‘ਸਿਟ’ ਨੂੰ ਸੁਨਾਰੀਆ ਜੇਲ੍ਹ ’ਚ ਜਾ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ’ਚ ਕੀ ਪ੍ਰਸ਼ਾਂਤ ਕਿਸ਼ੋਰ ਮੁੜ ਸਰਗਰਮ ਹੋ ਰਹੇ ਹਨ!

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ‘ਸਿਟ’ ਦੇ ਮੁਖੀ ਸੁਰਿੰਦਰਪਾਲ ਸਿੰਘ ਪਰਮਾਰ ਆਈ. ਜੀ. ਬਾਰਡਰ ਰੇਂਜ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਲਈ ਸੁਨਾਰੀ ਜੇਲ੍ਹ ਪ੍ਰਸ਼ਾਸਨ ਦੇ ਸੱਦੇ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਮੰਨਿਆ ਕਿ ਬਰਗਾੜੀ ਬੇਅਦਬੀ ਮਾਮਲੇ ’ਚ ਮਿਲੇ ਸਬੂਤਾਂ ਦੇ ਆਧਾਰ ’ਤੇ ਸੌਦਾ ਸਾਧ ਦੀ ਭੂਮਿਕਾ ਨੂੰ ਲੈ ਕੇ ਪੁੱਛੇ ਜਾਣ ਵਾਲੇ ਸਵਾਲਾਂ ਲਈ ‘ਸਿਟ’ ਪੂਰੀ ਤਰ੍ਹਾਂ ਤਿਆਰ ਹੈ। ‘ਸਿਟ’ ਉਕਤ ਮਾਮਲੇ ’ਚ ਹਾਈਕੋਰਟ ’ਚ 12 ਨਵੰਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਸੌਦਾ ਸਾਧ ਦੀ ਪੁੱਛਗਿੱਛ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਹਾਈਕੋਰਟ ’ਚ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਜੇਕਰ ਸੌਦਾ ਸਾਧ ਨੇ ਸਹਿਯੋਗ ਨਾ ਦਿੱਤਾ ਤਾਂ ਉਹ ਹਾਈਕੋਰਟ ਤੋਂ ਅਗਲੇ ਆਦੇਸ਼ ਦੀ ਮੰਗ ਕਰਨਗੇ।

ਇਹ ਵੀ ਪੜ੍ਹੋ :ਸ਼ੌਕ ਦਾ ਕੋਈ ਮੁੱਲ ਨਹੀਂ, ਰਾਮਪੁਲਾ ਫੂਲ ਦੇ ਇਸ ਸ਼ਖ਼ਸ ਨੇ ਸੰਭਾਲੇ 400 ਸਾਲ ਪੁਰਾਣੇ ਦੁਰਲੱਭ ਸਿੱਕੇ

ਜ਼ਿਕਰਯੋਗ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀਆਂ ਤਿੰਨਾਂ ਘਟਨਾਵਾਂ ਦੀ ਜਾਂਚ ਕਰ ਰਹੀ ‘ਸਿਟ’ ਨੇ ਪਾਵਨ ਸਰੂਪ ਚੋਰੀ ਕਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੀਆਂ ਘਟਨਾਵਾਂ ’ਚ ਡੇਰਾ ਸਿਰਸਾ ਦੇ ਛੇ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਖ਼ਿਲਾਫ਼ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ, ਜਦਕਿ ਪਾਵਨ ਸਰੂਪ ਚੋਰੀ ਕਰਨ ਦੀ ਘਟਨਾ ’ਚ ‘ਸਿਟ’ ਨੇ ਜੁਲਾਈ 2020 ’ਚ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਖਤਮ ਹੋਣ ਦੇ ਕੁਝ ਦਿਨ ਬਾਅਦ ਹੀ ਉਕਤ ਡੇਰਾ ਪ੍ਰੇਮੀਆਂ ਸਮੇਤ ਡੇਰੇ ਦੀ ਰਾਸ਼ਟਰੀ ਕਮੇਟੀ ਦੇ ਤਿੰਨ ਮੈਂਬਰਾਂ ਤੇ ਸੌਦਾ ਸਾਧ ਖਿਲਾਫ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ 2 ਅਪ੍ਰੈਲ 2019 ਨੂੰ ਆਈ. ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ‘ਸਿਟ’ ਕੋਲ ਅਦਾਲਤ ਦੇ ਆਰਡਰ ਹੋਣ ਦੇ ਦੇ ਬਾਵਜੂਦ ਉਨ੍ਹਾਂ ਨੂੰ ਸੁਨਾਰੀਆ ਜੇਲ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ ਮਿਲੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਫ਼ਿਰੋਜ਼ਪੁਰ ਸਰਹੱਦ ਨੇੜੇ ਮਿਲਿਆ ਇਕ ਹੋਰ ਟਿਫ਼ਿਨ ਬੰਬ


author

Shyna

Content Editor

Related News