SIT ਨੇ ਬੇਅਦਬੀ ਮਾਮਲਿਆਂ ਨੂੰ ਸਿਆਸੀ ਨਹੀਂ, ਬਲਕਿ ਡੇਰਾ ਸਿਰਸਾ ਦੀ ਸਾਜ਼ਿਸ਼ ਕਰਾਰ ਦਿੱਤਾ

07/02/2022 10:46:47 PM

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਦੀ ਰਾਜਨੀਤੀ 'ਚ ਕਰੀਬ 7 ਸਾਲ ਪਹਿਲਾਂ ਭੂਚਾਲ ਲਿਆਉਣ ਵਾਲੇ ਬਰਗਾੜੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਇਕ ਐੱਸ.ਆਈ.ਟੀ. ਵੱਲੋਂ ਆਪਣੀ ਅੰਤਿਮ ਰਿਪੋਰਟ ਸੌਂਪ ਦਿੱਤੀ ਗਈ ਹੈ। ਜਾਂਚ ਟੀਮ ਨੇ ਲੰਬੇ ਸਮੇਂ ਤੱਕ ਚੱਲੀ ਜਾਂਚ ਤੋਂ ਬਾਅਦ ਇਹ ਨਤੀਜਾ ਕੱਢਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਵੱਲੋਂ ਹੀ ਪਲਾਨ ਕੀਤਾ ਗਿਆ ਸੀ ਤੇ ਡੇਰਾ ਅਤੇ ਡੇਰੇ ਨਾਲ ਜੁੜੇ ਲੋਕਾਂ ਵੱਲੋਂ ਹੀ ਇਸ ਨੂੰ ਅੰਜਾਮ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੂੰ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਅਪਮਾਨ ਦਾ ਬਦਲਾ ਲੈਣ ਲਈ ਹੀ ਅੰਜਾਮ ਦਿੱਤਾ ਸੀ, ਜਿਸ ਵਿਚ ਗੁਰਮੀਤ ਦੀ ਇਕ ਫ਼ਿਲਮ ਦੀ ਰਿਲੀਜ਼ ਨੂੰ ਵੀ ਰੋਕਿਆ ਗਿਆ ਸੀ।

ਇਹ ਵੀ ਪੜ੍ਹੋ : ਗ਼ੈਰ-ਕਾਨੂੰਨੀ ਕਾਲੋਨਾਈਜ਼ਰਾਂ ਹੱਥੋਂ ਆਮ ਲੋਕਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਸ਼ੁਰੂ ਕੀਤੇ ਪੋਰਟਲ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਇਸ ਮਾਮਲੇ ਨੂੰ ਲਗਾਤਾਰ ਸਿਆਸੀ ਸਾਜ਼ਿਸ਼ ਦੇ ਤਹਿਤ ਉਛਾਲਿਆ ਜਾਂਦਾ ਹੈ ਤੇ ਨਾ ਸਿਰਫ਼ ਕਾਂਗਰਸ ਬਲਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਵੀ ਬੇਅਦਬੀ ਦੇ ਮਾਮਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਦੇ ਮਾਮਲਿਆਂ ਦੀ ਉਕਤ 467 ਪੰਨਿਆਂ ਦੀ ਅੰਤਿਮ ਰਿਪੋਰਟ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧੀਆਂ, ਜਿਨ੍ਹਾਂ 'ਚ ਮੇਜਰ ਸਿੰਘ ਪੰਡੋਰੀ ਤੇ ਚਮਕੌਰ ਸਿੰਘ ਸ਼ਾਮਲ ਸਨ, ਨਾਲ ਸਾਂਝੀ ਕੀਤੀ ਤੇ ਉਨ੍ਹਾਂ ਨੂੰ ਰਿਪੋਰਟ ਦੀ ਇਕ ਕਾਪੀ ਵੀ ਦਿੱਤੀ। ਇਹ ਰਿਪੋਰਟ ਐੱਸ.ਆਈ.ਟੀ. ਵੱਲੋਂ ਕੁਝ ਸਮਾਂ ਪਹਿਲਾਂ ਹੀ ਪੰਜਾਬ ਪੁਲਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵਿੰਗ ਨੂੰ ਸੌਂਪ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਹ ਮੁੱਖ ਮੰਤਰੀ ਨੂੰ ਭੇਜੀ ਗਈ ਸੀ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰੋਂ ਚੋਰਾਂ ਨੇ 40 ਤੋਲੇ ਸੋਨੇ ਦੇ ਗਹਿਣੇ ਤੇ ਢਾਈ ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼

ਜਾਣਕਾਰੀ ਮੁਤਾਬਿਕ 2015 'ਚ ਬੇਅਦਬੀ ਨਾਲ ਸਬੰਧਿਤ ਬਰਗਾੜੀ, ਬੁਰਜ ਜਵਾਹਰਵਾਲਾ ਤੇ ਇਕ ਹੋਰ ਮਾਮਲੇ ਦੀ ਜਾਂਚ ਪਹਿਲਾਂ ਪੰਜਾਬ ਪੁਲਸ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਚ ਤਤਕਾਲੀ ਸਰਕਾਰ ਵੱਲੋਂ ਸੀ.ਬੀ.ਆਈ.ਨੂੰ ਸੌਂਪ ਦਿੱਤਾ ਗਿਆ ਸੀ। ਸੀ.ਬੀ.ਆਈ. ਵੱਲੋਂ ਬਹੁਤ ਹੌਲੀ ਜਾਂਚ ਤੇ ਕਲੋਜ਼ਰ ਰਿਪੋਰਟ ਵੱਲ ਵਧਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਕੇਸ ਦਾਇਰ ਕਰਕੇ ਸੀ.ਬੀ.ਆਈ. ਤੋਂ ਉਕਤ ਕੇਸਾਂ ਦੀ ਜਾਂਚ ਵਾਪਸ ਲਈ ਗਈ ਤੇ ਸਬੰਧਿਤ ਦਸਤਾਵੇਜ਼ ਵੀ ਹਾਸਲ ਕੀਤੇ ਗਏ। ਸਤੰਬਰ 2018 'ਚ ਆਈ.ਜੀ. ਐੱਸ.ਪੀ.ਐੱਸ. ਪਰਮਾਰ ਦੀ ਅਗਵਾਈ ਵਿਚ ਗਠਿਤ ਐੱਸ.ਆਈ.ਟੀ. ਵੱਲੋਂ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਗਈ ਤੇ ਦਰਜਨ ਭਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਾਮਜ਼ਦ ਕੀਤਾ ਗਿਆ। ਇਨ੍ਹਾਂ ਹੀ ਮਾਮਲਿਆਂ 'ਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ, ਜੋ ਕਿ ਹੱਤਿਆ ਤੇ ਬਲਾਤਕਾਰ ਜਿਹੇ ਸੰਗੀਨ ਮਾਮਲੇ 'ਚ ਸੁਨਾਰੀਆ ਜੇਲ੍ਹ ਵਿਚ ਬੰਦ ਹੈ, ਤੋਂ ਵੀ ਪੁੱਛਗਿੱਛ ਕੀਤੀ ਗਈ ਤੇ ਉਸ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ।

ਇਹ ਵੀ ਪੜ੍ਹੋ : ਮੱਤੇਵਾੜਾ ਜੰਗਲ ਬਚਾਉਣ ਲਈ ਸਪੀਕਰ ਸੰਧਵਾਂ ਨੇ CM ਨੂੰ ਪੱਤਰ ਲਿਖ ਕਹੀਆਂ ਅਹਿਮ ਗੱਲਾਂ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੇਅਦਬੀ ਦੀ ਸਾਰੀ ਸਾਜ਼ਿਸ਼ ਡੇਰਾ ਸਿਰਸਾ ਨਾਲ ਜੁੜੇ ਲੋਕਾਂ ਵੱਲੋਂ ਡੇਰਾ ਪ੍ਰਮੁੱਖ ਦੀ ਆਗਿਆ ਨਾਲ ਹੀ ਤਿਆਰ ਕੀਤੀ ਗਈ ਤੇ ਇਸ ਦੇ ਪਿੱਛੇ ਇਕ ਸਿੱਖ ਧਰਮ ਪ੍ਰਚਾਰਕ ਵੱਲੋਂ ਡੇਰਾ ਪ੍ਰਮੁੱਖ ਦੇ ਕੀਤੇ ਗਏ ਅਪਮਾਨ ਦਾ ਬਦਲਾ ਲੈਣਾ ਇਕ ਵੱਡਾ ਕਾਰਨ ਦੱਸਿਆ ਗਿਆ ਹੈ। ਡੇਰਾ ਪ੍ਰਮੁੱਖ ਦੀ ਫ਼ਿਲਮ ਨੂੰ ਪੰਜਾਬ 'ਚ ਰਿਲੀਜ਼ ਹੋਣ ਤੋਂ ਰੋਕਣਾ ਵੀ ਇਸ ਦੇ ਪਿੱਛੇ ਇਕ ਕਾਰਨ ਦੱਸਿਆ ਗਿਆ ਹੈ। ਐੱਫ.ਆਈ.ਆਰ. ਨੰਬਰ 63/2015, 117/2015 ਤੇ 128/2015 ਸਬੰਧੀ ਨਾ ਸਿਰਫ਼ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਮੁਲਜ਼ਮ ਬਣਾਇਆ ਗਿਆ, ਬਲਕਿ ਇਨ੍ਹਾਂ ਹੀ ਮਾਮਲਿਆਂ ਵਿਚ ਡੇਰੇ ਦੀ ਰਾਸ਼ਟਰੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੂੰ ਵੀ ਪ੍ਰਮੁੱਖ ਸਾਜ਼ਿਸ਼ਕਰਤਾਵਾਂ ਦੇ ਤੌਰ ’ਤੇ ਨਾਮਜ਼ਦ ਕੀਤਾ ਗਿਆ, ਜੋ ਕਿ ਅਜੇ ਵੀ ਭਗੌੜੇ ਹਨ, ਜਦਕਿ ਇਨ੍ਹਾਂ ਮਾਮਲਿਆਂ ਵਿਚ ਸੁਖਜਿੰਦਰ ਸਿੰਘ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ, ਰਣਜੀਤ ਸਿੰਘ ਭੋਲਾ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਤੇ ਪ੍ਰਦੀਪ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਇਸੇ ਮਾਮਲੇ ਵਿਚ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੀ ਨਾਭਾ ਜੇਲ੍ਹ ਦੇ ਅੰਦਰ ਸਿੱਖ ਨੌਜਵਾਨਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News