ਲੁਧਿਆਣਾ ਜ਼ਿਲ੍ਹੇ ਨੂੰ ਇੱਕੋ ਸਮੇਂ 3 ਖ਼ਤਰਨਾਕ ਬੀਮਾਰੀਆਂ ਨੇ ਘੇਰਿਆ, ਲਗਾਤਾਰ ਵੱਧਦਾ ਜਾ ਰਿਹਾ ਕਹਿਰ
Thursday, Sep 15, 2022 - 01:13 PM (IST)
ਲੁਧਿਆਣਾ (ਸਹਿਗਲ) : ਮਹਾਨਗਰ ’ਚ ਸਵਾਈਨ ਫਲੂ, ਡੇਂਗੂ ਅਤੇ ਕੋਰੋਨਾ ਵਰਗੀਆਂ ਬੀਮਾਰੀਆਂ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਸਥਾਨਕ ਹਸਪਤਾਲਾਂ ’ਚ ਸਵਾਈਨ ਫਲੂ ਦੇ 12 ਮਰੀਜ਼ ਦਾਖ਼ਲ ਕੀਤੇ ਗਏ, ਜਿਨ੍ਹਾਂ ’ਚੋਂ 3 ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 9 ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਤਿੰਨੇ ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ, ਜਦਕਿ 9 ਸ਼ੱਕੀ ਮਰੀਜ਼ਾਂ ’ਚੋਂ 3 ਮਰੀਜ਼ ਜ਼ਿਲੇ ਨਾਲ ਸਬੰਧਤ ਹਨ। ਜ਼ਿਲੇ ’ਚ ਸਵਾਈਨ ਫਲੂ ਦੇ ਸਾਹਮਣੇ ਆ ਚੁੱਕੇ ਪਾਜ਼ੇਟਿਵ ਮਰੀਜ਼ਾਂ ’ਚੋਂ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 104 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਮਣੀ ’ਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਬਾਹਰੀ ਜ਼ਿਲ੍ਹਿਆਂ ਨਾਲ ਸਬੰਧਿਤ 39 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 217 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਸਿਹਤ ਮਾਹਿਰਾਂ ਅਨੁਸਾਰ ਸਵਾਈਨ ਫਲੂ ਦੇ ਵੱਧਦੇ ਖ਼ਤਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੀਆਂ ਜੇਲ੍ਹਾਂ 'ਚ ਲੱਗੇ 'ਜੈਮਰਾਂ' ਬਾਰੇ RTI ਰਾਹੀਂ ਹੋਇਆ ਵੱਡਾ ਖ਼ੁਲਾਸਾ
ਡੇਂਗੂ ਦੇ 3 ਹੋਰ ਮਰੀਜ਼ਾਂ ਦੀ ਪੁਸ਼ਟੀ
ਜ਼ਿਲ੍ਹੇ ਦੇ ਹਸਪਤਾਲਾਂ ’ਚ ਡੇਂਗੂ ਦੇ 61 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਸਿਹਤ ਵਿਭਾਗ ਵੱਲੋਂ 3 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। 3 ’ਚੋਂ 2 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 1 ਦੂਜੇ ਜ਼ਿਲ੍ਹੇ ਨਾਲ ਸਬੰਧਿਤ ਹਨ। 58 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਹੁਣ ਤੱਕ 69 ਮਰੀਜ਼ਾਂ ਨੂੰ ਡੇਂਗੂ ਪਾਜ਼ੇਟਿਵ ਡਿਕਲੇਅਰ ਕੀਤਾ ਜਾ ਚੁੱਕਾ ਹੈ, ਜਦਕਿ 1170 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੈ। ਜ਼ਿਲ੍ਹੇ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਦੇ 61 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁਲਾਜ਼ਮਾਂ ਨੂੰ ਦਿੱਤੀ ਚਿਤਾਵਨੀ, ਸੁਣੋ Exclusive ਇੰਟਰਵਿਊ (ਵੀਡੀਓ)
ਕੋਰੋਨਾ ਦੇ 8 ਪਾਜ਼ੇਟਿਵ ਮਰੀਜ਼ ਆਏ ਸਾਹਮਣੇ
ਜ਼ਿਲ੍ਹੇ ’ਚ ਕੋਰੋਨਾ ਦੇ 8 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦਕਿ 8 ਮਰੀਜ਼ਾਂ ਨੂੰ ਠੀਕ ਹੋਣ ’ਤੇ ਡਿਸਚਾਰਜ ਕੀਤਾ ਗਿਆ। ਵਰਤਮਾਨ ਸਮੇਂ ’ਚ ਸਰਗਰਮ ਮਰੀਜ਼ਾਂ ਦੀ ਗਿਣਤੀ 67 ਦੱਸੀ ਜਾ ਰਹੀ ਹੈ। ਇਨ੍ਹਾਂ ’ਚੋਂ 63 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ, ਜਦੋਂਕਿ 4 ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਹੋਮ ਆਈਸੋਲੇਸ਼ਨ ’ਚ ਰਹਿਣ ਵਾਲੇ 2 ਮਰੀਜ਼ਾਂ ਨੂੰ ਹਾਲਤ ਗੰਭੀਰ ਹੋਣ ’ਤੇ ਹਸਪਤਾਲਾਂ ’ਚ ਸ਼ਿਫਟ ਕੀਤਾ ਗਿਆ ਹੈ। ਜ਼ਿਲ੍ਹੇ ’ਚ ਪਾਜ਼ੇਟਿਵਿਟੀ ਦਰ ਵੱਧ ਕੇ 0.65 ਫ਼ੀਸਦੀ ਹੋ ਗਈ ਹੈ। ਦੂਜੇ ਪਾਸੇ 903 ਲੋਕਾਂ ਨੇ ਕੋਰੋਨਾ ਦਾ ਟੀਕਾਕਰਨ ਕਰਵਾਇਆ। ਇਨ੍ਹਾਂ ’ਚੋਂ 889 ਲੋਕਾਂ ਨੇ ਸਿਹਤ ਵਿਭਾਗ ਵੱਲੋਂ ਆਯੋਜਿਤ ਵੈਕਸੀਨੇਸ਼ਨ ਕੈਂਪ 'ਚ ਜਾ ਕੇ ਵੈਕਸੀਨ ਲਗਵਾਈ, ਜਦੋਂ ਕਿ 14 ਲੋਕਾਂ ਨੇ ਨਿੱਜੀ ਹਸਪਤਾਲਾਂ ’ਚ ਜਾ ਕੇ ਟੀਕਾਕਰਨ ਕਰਵਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ