ਦੇਸ਼ ਭਰ ''ਚ ਵਿਛਿਆ ਸਿਕਸ ਲੇਨ ਸੜਕਾਂ ਦਾ ਜਾਲ ਪਰ ਘੱਟ ਨਹੀਂ ਹੋ ਰਹੇ ਹਾਦਸੇ
Saturday, Feb 24, 2018 - 03:03 AM (IST)

ਅੰਮ੍ਰਿਤਸਰ, (ਇੰਦਰਜੀਤ/ਵੜੈਚ)- ਪੁਲਸ ਪ੍ਰਸ਼ਾਸਨ ਵੱਲੋਂ ਸੜਕ ਹਾਦਸਿਆਂ ਨੂੰ ਰੋਕਣ ਲਈ ਕੀਤੇ ਜਾ ਰਹੇ ਲੱਖ ਦਾਅਵਿਆਂ ਦੇ ਬਾਵਜੂਦ ਇਨ੍ਹਾਂ ਹਾਦਸਿਆਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਪੂਰੇ ਦੇਸ਼ 'ਚ ਫੋਰ ਅਤੇ ਸਿਕਸ ਲੇਨ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ ਪਰ ਫਿਰ ਵੀ ਦੁਰਘਟਨਾਵਾਂ ਘੱਟ ਹੋਣ ਦੀ ਬਜਾਏ ਪਹਿਲਾਂ ਨਾਲੋਂ ਵੱਧ ਹੋ ਰਹੀਆਂ ਹਨ। ਇਸ ਵਿਚ ਹਾਈ ਸਪੀਡ ਵਾਹਨਾਂ ਕਾਰਨ ਦੁਰਘਟਨਾਵਾਂ ਜ਼ਿਆਦਾ ਭਿਆਨਕ ਹੋ ਰਹੀਆਂ ਹਨ। ਵੱਡੀ ਗੱਲ ਹੈ ਕਿ ਨਵੀਆਂ ਬਣੀਆਂ ਸੜਕਾਂ 'ਚ ਆਹਮੋ-ਸਾਹਮਣਿਓਂ ਹੋਣ ਵਾਲੀਆਂ ਦੁਰਘਟਨਾਵਾਂ ਲਗਭਗ ਜ਼ੀਰੋ ਹੋ ਚੁੱਕੀਆਂ ਹਨ ਜੋ ਕਿ ਪਿਛਲੇ ਸਮੇਂ ਵਿਚ ਇਕ ਬਹੁਤ ਵੱਡਾ ਖ਼ਤਰਾ ਸੀ ਪਰ ਦੇਖਿਆ ਜਾ ਰਿਹਾ ਹੈ ਕਿ ਇਕ ਹੀ ਸਾਈਡ 'ਤੇ ਚੱਲਣ ਵਾਲੇ ਵਾਹਨ ਆਪਸ ਵਿਚ ਕਿਉਂ ਟਕਰਾ ਜਾਂਦੇ ਹਨ। ਪੁਲਸ ਅਤੇ ਟ੍ਰੈਫਿਕ ਵਿਭਾਗ ਇਸ ਗੱਲ ਤੋਂ ਬੇਫਿਕਰ ਹਨ ਕਿ ਆਹਮੋ-ਸਾਹਮਣਿਓਂ ਵਾਹਨ ਨਹੀਂ ਟਕਰਾਉਂਦੇ, ਜਿਸ ਲਈ ਪੁਲਸ ਨੇ ਗਲਤ ਸਾਈਡ ਵਾਹਨ ਚਲਾਉਣ 'ਤੇ ਕਾਫ਼ੀ ਫੋਕਸ ਕੀਤਾ ਹੈ। ਦੂਜੇ ਪਾਸੇ ਥਾਂ-ਥਾਂ 'ਤੇ ਲਾਈਟਾਂ ਵਾਲੇ ਚੌਰਾਹੇ ਵੀ ਇਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦੇ ਰਹੇ ਹਨ।
ਜਗ ਬਾਣੀ ਵੱਲੋਂ ਇਸ ਸਬੰਧੀ ਕੀਤੇ ਸਰਵੇਖਣ ਨਾਲ ਕੁਝ ਅਜਿਹੀ ਸੱਚਾਈ ਸਾਹਮਣੇ ਆਈ ਹੈ ਜੋ ਸਬੰਧਤ ਟ੍ਰੈਫਿਕ ਨਿਯਮਾਂ ਤੋਂ ਦੂਰ ਹਟਦੇ ਹੋਏ ਤਕਨੀਕੀ ਸਮੱਸਿਆਵਾਂ 'ਤੇ ਆ ਕੇ ਖੜ੍ਹੇ ਹੋ ਚੁੱਕੇ ਹਨ, ਜਿਸ ਬਾਰੇ ਸੋਚਣ ਦੀ ਲੋੜ ਹੈ।
ਬ੍ਰੇਕ ਲਾਉਂਦੇ ਹੀ ਘੁੰਮ ਜਾਂਦੈ ਵਾਹਨ
ਤੇਜ਼ ਰਫਤਾਰ ਵਾਹਨ ਚਲਾਉਂਦੇ ਸਮੇਂ ਵਾਹਨ ਦਾ ਘੁੰਮਣਾ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ, ਜਿਵੇਂ ਹੀ ਚਾਲਕ ਅਚਾਨਕ ਗੱਡੀ ਰੋਕਣ ਲਈ ਬ੍ਰੇਕ ਲਾਉਂਦਾ ਹੈ ਤਾਂ ਵਾਹਨ ਦੀ ਇਕ ਸਾਈਡ ਘੁੰਮ ਕੇ ਟੀ-ਟਰਨ ਲੈ ਲੈਂਦਾ ਹੈ। ਇਸ ਵਿਚ ਪਿੱਛਿਓਂ ਆਉਣ ਵਾਲਾ ਵਾਹਨ ਅਗਲੇ ਵਾਹਨ ਦੀ ਸਾਈਡ ਨਾਲ ਟਕਰਾ ਜਾਂਦਾ ਹੈ, ਜਿਸ ਨਾਲ ਪਿੱਛਿਓਂ ਆਉਣ ਵਾਲੇ ਵਾਹਨ ਵੀ ਦੁਰਘਟਨਾ ਦਾ ਕਾਰਨ ਬਣ ਜਾਂਦੇ ਹਨ। ਇਸ ਸਬੰਧੀ ਮੋਟਰ ਮਾਹਿਰਾਂ ਦਾ ਕਹਿਣਾ ਹੈ ਕਿ ਅਚਾਨਕ ਬ੍ਰੇਕ ਲੱਗਣ ਨਾਲ ਵਾਹਨ ਇਸ ਲਈ ਘੁੰਮ ਜਾਂਦਾ ਹੈ ਕਿ ਬ੍ਰੇਕ ਦੇ ਸਿਸਟਮ ਨੂੰ ਕੰਟਰੋਲ ਕਰਨ ਵਾਲੇ ਵ੍ਹੀਲ ਸਿਲੰਡਰਾਂ ਵਿਚ ਜਦੋਂ ਬ੍ਰੇਕ ਆਇਲ ਤੇਜ਼ੀ ਨਾਲ ਭੱਜਦਾ ਹੈ ਉਦੋਂ ਬ੍ਰੇਕ ਲੱਗਦੀ ਹੈ ਪਰ ਬ੍ਰੇਕ ਆਇਲ ਦੇ ਪੁਰਾਣੇ ਹੋ ਜਾਣ ਕਾਰਨ ਇਹ ਤਰਲ ਵ੍ਹੀਲ ਸਿਲੰਡਰਾਂ ਵਿਚ ਸਮੇਂ ਅਨੁਸਾਰ ਇਕਸਾਰਤਾ ਗਵਾ ਬੈਠਦਾ ਹੈ, ਜਿਵੇਂ ਹੀ ਚਾਲਕ ਬ੍ਰੇਕ ਲਾਉਂਦਾ ਹੈ ਤਾਂ ਇਸ ਤੋਂ ਬ੍ਰੇਕ ਆਇਲ ਇਕ ਸੈਕਿੰਡ ਦੇ 10ਵੇਂ ਹਿੱਸੇ ਵਿਚ ਹੀ ਆਪਣੇ ਸਥਾਨ 'ਤੇ ਪਹੁੰਚ ਜਾਂਦਾ ਹੈ ਪਰ ਬ੍ਰੇਕ ਆਇਲ ਦੀ ਖਰਾਬੀ ਚਾਰਾਂ ਪਹੀਆਂ 'ਚ ਨਿਸ਼ਚਿਤ ਟਾਈਮ ਵਿਚ ਕੁਝ ਅੰਤਰ ਪਾ ਜਾਂਦੀ ਹੈ, ਜਿਸ ਨਾਲ 3 ਪਹੀਆਂ ਵਿਚ ਬ੍ਰੇਕ ਪਹਿਲਾਂ ਲੱਗ ਜਾਂਦੀ ਹੈ ਅਤੇ ਚੌਥੇ ਵ੍ਹੀਲ ਵਿਚ ਕੁਝ ਬਾਅਦ।
ਟਾਇਰ ਦਾ ਫਟਣਾ
ਸਪੀਡ ਵਿਚ ਚੱਲਦੇ ਵਾਹਨ ਦਾ ਟਾਇਰ ਫਟ ਜਾਣਾ ਇਕ ਬਦਕਿਸਮਤੀ ਕਿਹਾ ਜਾਂਦਾ ਹੈ, ਇਸ ਦਾ ਟ੍ਰੈਫਿਕ ਵਿਭਾਗ ਅਤੇ ਪੁਲਸ ਕੋਲ ਕੋਈ ਹੱਲ ਨਹੀਂ ਹੈ। ਟਾਇਰ ਦੇ ਫਟਦੇ ਹੀ ਵਾਹਨ ਇਕਦਮ ਬੇਕਾਬੂ ਹੋ ਜਾਂਦਾ ਹੈ ਅਤੇ ਅਕਸਰ ਵਾਹਨ ਇਕ ਪਾਸੇ ਪਲਟ ਜਾਂਦੇ ਹਨ। ਕਈ ਵਾਰ ਤਾਂ ਕਈ ਪਾਸਿਓਂ ਪਲਟਦੇ ਵਾਹਨ ਕਈ ਲੋਕਾਂ ਦੀ ਜਾਨ ਲੈ ਲੈਂਦੇ ਹਨ। ਅਕਸਰ ਲੋਕ ਇਹ ਅਨੁਮਾਨ ਲਾਉਂਦੇ ਹਨ ਕਿ ਟਾਇਰ 'ਚ ਹਵਾ ਜ਼ਿਆਦਾ ਹੋਵੇਗੀ ਪਰ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਵੀ ਕਈ ਕਾਰਨ ਹੁੰਦੇ ਹਨ।
ਵਾਹਨ ਸੀਜ਼ ਹੋਣਾ
ਚੱਲਦੇ ਹੋਏ ਵਾਹਨ ਦਾ ਸੀਜ਼ ਹੋ ਜਾਣਾ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਬਾਰੇ ਪਹਿਲਾਂ ਅਨੁਮਾਨ ਲਾਉਣਾ ਮੁਸ਼ਕਲ ਹੈ। ਅਜਿਹੀ ਹਾਲਤ ਵਿਚ ਵਾਹਨ ਦਾ ਇੰਜਣ ਆਪਣੇ ਨਿਰਧਾਰਤ ਟੈਂਪਰੇਚਰ ਤੋਂ ਵੱਧ ਹੋ ਜਾਂਦਾ ਹੈ ਅਤੇ ਚੱਲਦੇ ਵਾਹਨ ਦਾ ਇੰਜਣ ਜਾਮ ਹੋ ਜਾਂਦਾ ਹੈ। ਇਸ ਦਾ ਮੁੱਖ ਕਾਰਨ ਦੱਸਿਆ ਜਾਂਦਾ ਹੈ ਕਿ ਜਦੋਂ ਵਾਹਨ ਦੇ ਰੇਡੀਏਟਰ 'ਚ ਪਾਣੀ ਅਤੇ ਕੂਲੈਂਟ ਲੀਕ ਹੋ ਜਾਂਦਾ ਹੈ ਤਾਂ ਇਸ ਦਾ ਪੱਖਾ ਚੱਲਣਾ ਬੰਦ ਹੋ ਜਾਂਦਾ ਹੈ ਕਿਉਂਕਿ ਰੇਡੀਏਟਰ ਵਿਚ ਲੱਗਾ ਹੋਇਆ ਆਟੋਮੈਟਿਕ ਪਲੱਗ ਪਾਣੀ ਦੇ ਗਰਮ ਹੋਣ 'ਤੇ ਉਸ ਦੀ ਛੋਹ ਨਾਲ ਚੱਲਦਾ ਹੈ, ਜਿਸ ਨਾਲ ਗਰਮ ਵਾਹਨ ਦਾ ਪੱਖਾ ਠੰਡੀ ਹਵਾ ਦੇ ਕੇ ਉਸ ਦੇ ਟੈਂਪਰੇਚਰ ਨੂੰ ਨਾਰਮਲ ਕਰਦਾ ਹੈ ਪਰ ਕਈ ਵਾਰ ਰੇਡੀਏਟਰ ਲੀਕ ਹੋਣ ਕਾਰਨ ਇੰਜਣ ਜਾਮ ਹੋ ਜਾਂਦਾ ਹੈ ਅਤੇ ਇਹ ਇੰਨੀ ਭਿਆਨਕ ਹਾਲਤ ਪੈਦਾ ਕਰ ਦਿੰਦਾ ਹੈ ਕਿ ਬ੍ਰੇਕ ਤੋਂ ਕਈ ਗੁਣਾ ਵੱਧ ਸ਼ਕਤੀ ਨਾਲ ਵਾਹਨ ਨੂੰ ਤੁਰੰਤ ਸੜਕ 'ਤੇ ਖੜ੍ਹਾ ਕਰ ਦਿੰਦਾ ਹੈ ਅਤੇ ਪਿੱਛਿਓਂ ਆ ਰਹੇ ਵਾਹਨ ਦੁਰਘਟਨਾ ਨੂੰ ਅੰਜਾਮ ਦੇ ਦਿੰਦੇ ਹਨ।