ਸ਼ਹਿਰ ’ਚ 7 ਮਿ੍ਰਤਕ ਪੰਛੀ ਮਿਲਣ ਨਾਲ ਵਧੀ ਪ੍ਰਸ਼ਾਸਨ ਦੀ ਚਿੰਤਾ

01/11/2021 2:45:15 PM

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਵੱਲੋਂ ਬਰਡ ਫਲੂ ਸਬੰਧੀ ਸ਼ਹਿਰ ਭਰ ’ਚ ਸਰਚ ਅਭਿਆਨ ਜਾਰੀ ਹੈ। ਐਤਵਾਰ ਨੂੰ ਮ੍ਰਿਤਕ ਮਿਲਣ ਵਾਲੇ ਪੰਛੀਆਂ ਦੀ ਗਿਣਤੀ ਅਚਾਨਕ ਵਧ ਗਈ। ਐਤਵਾਰ ਨੂੰ ਵਾਤਾਵਰਣ ਮਹਿਕਮੇ ਦੀ ਟੀਮ ਨੂੰ ਸਰਚ ਅਭਿਆਨ ਦੌਰਾਨ 7 ਮ੍ਰਿਤਕ ਪੰਛੀ ਮਿਲੇ। ਇਨ੍ਹਾਂ ’ਚ ਕਾਂ, ਕਬੂਤਰ ਅਤੇ ਮਾਈਨਾ ਸ਼ਾਮਲ ਹਨ। ਇਨ੍ਹਾਂ ਪੰਛੀਆਂ ਦੀ ਟੈਸਟਿੰਗ ਲਈ ਸੈਂਪਲ ਭੇਜੇ ਜਾਣਗੇ ਜਾਂ ਨਹੀਂ, ਇਸ ਸਬੰਧੀ ਸੋਮਵਾਰ ਨੂੰ ਫੈਸਲਾ ਲਿਆ ਜਾਵੇਗਾ। ਇਕ ਦਿਨ ਵਿਚ ਜ਼ਿਆਦਾ ਮ੍ਰਿਤਕ ਪੰਛੀਆਂ ਦੇ ਮਿਲਣ ਨਾਲ ਵਿਭਾਗ ਇਨ੍ਹਾਂ ਦੀ ਟੈਸਟਿੰਗ ਕਰਵਾਉਣ ’ਤੇ ਵਿਚਾਰ ਕਰ ਰਿਹਾ ਹੈ। ਮਹਿਕਮੇ ਦੀ ਟੀਮ ਅਹਿਤਿਹਾਤ ਦੇ ਤੌਰ ’ਤੇ ਆਸਪਾਸ ਦੇ ਹੋਰ ਏਰੀਆ ਨੂੰ ਵੀ ਚੈੱਕ ਕਰ ਰਹੀ ਹੈ, ਜਦ ਕਿ ਪਹਿਲਾਂ ਮ੍ਰਿਤਕ ਮਿਲੇ ਪੰਛੀਆਂ ਦੀ ਦੂਜੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਤੈਅ ਕੀਤੀ ਜਾਵੇਗੀ। ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪੰਛੀਆਂ ਦੇ ਸੈਂਪਲ ਟੈਸਟਿੰਗ ਸਬੰਧੀ ਉਹ ਸੋਮਵਾਰ ਨੂੰ ਫੈਸਲਾ ਲੈਣਗੇ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸੈਕਟਰ-7 ਤੋਂ ਦੋ, ਸੈਕਟਰ-25, 35, 39, 50 ਅਤੇ ਦਰਿਆ ਤੋਂ ਇਕ-ਇਕ ਮ੍ਰਿਤਕ ਪੰਛੀ ਮਿਲਿਆ।

ਇਹ ਵੀ ਪੜ੍ਹੋ : 'ਬਰਡ ਫਲੂ' ਦੀਆਂ ਅਫ਼ਵਾਹਾਂ ਕਾਰਨ ਦਹਿਸ਼ਤ ਦਾ ਮਾਹੌਲ 

ਦੋ ਪੰਛੀਆਂ ਦੀ ਰਿਪੋਰਟ ਆਈ ਹੈ ਨੈਗੇਟਿਵ 
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਦੋ ਪੰਛੀਆਂ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਅਜੇ ਦੂਜੀ ਰਿਪੋਰਟ ਆਉਣੀ ਬਾਕੀ ਹੈ, ਕਿਉਂਕਿ ਪਹਿਲਾਂ ਸਿਰਫ਼ ਦੋ ਸੈਂਪਲਾਂ ਦੀ ਹੀ ਰਿਪੋਰਟ ਆਈ ਸੀ। ਪ੍ਰਸ਼ਾਸਨ ਨੇ ਪਿਛਲੇ ਦਿਨਾਂ ਵਿਚ ਸੱਤ ਪੰਛੀਆਂ ਦੇ ਸੈਂਪਲ ਜਲੰਧਰ ਵਿਚ ਜਾਂਚ ਲਈ ਭੇਜੇ ਸਨ। ਇਨ੍ਹਾਂ ਵਿਚੋਂ ਪੰਜ ਪੰਛੀਆਂ ਦੀ ਰਿਪੋਰਟ ਸੋਮਵਾਰ ਨੂੰ ਆ ਸਕਦੀ ਹੈ।

ਹੁਣ ਤੱਕ 19 ਪੰਛੀ ਮ੍ਰਿਤਕ ਮਿਲ ਚੁੱਕੇ 
ਸ਼ਹਿਰ ਵਿਚ ਹੁਣ ਤੱਕ ਕੁਲ 19 ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਇਕ ਪ੍ਰਵਾਸੀ ਪੰਛੀ, ਕਾਂ, ਮੋਰ, ਕੋਇਲ ਸਮੇਤ ਹੋਰ ਪੰਛੀ ਸ਼ਾਮਲ ਹਨ। ਮਹਿਕਮਾ ਮ੍ਰਿਤਕ ਮਿਲ ਰਹੇ ਪੰਛੀਆਂ ਦੇ ਸੈਂਪਲ ਜਲੰਧਰ ਸਥਿਤ ਖੇਤਰੀ ਰੋਗ ਨਿਦਾਨ ਪ੍ਰਯੋਗਸ਼ਾਲਾ ਵਿਚ ਜਾਂਚ ਲਈ ਭੇਜ ਰਿਹਾ ਹੈ। ਇਸ ਤੋਂ ਇਲਾਵਾ ਪਸ਼ੂ ਚਿਕਿਤਸਾ ਮਹਿਕਮਾ ਵੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਕਰੀਬ 250 ਸੈਂਪਲ ਜਾਂਚ ਲਈ ਭੇਜ ਚੁੱਕਿਆ ਹੈ। ਵਣ ਮਹਿਕਮੇ ਨੇ ਫੀਲਡ ਵਿਚ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਜੇਕਰ ਵਣ ਖੇਤਰ ਵਿਚ ਕਿਸੇ ਪੰਛੀ ਦੀ ਮੌਤ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਮਹਿਕਮੇ ਨੂੰ ਦਿਓ। ਪਸ਼ੂ ਪਾਲਣ ਮਹਿਕਮਾ ਮੁਰਗੀ ਪਾਲਕਾਂ ’ਤੇ ਵੀ ਨਜ਼ਰ ਰੱਖ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਲਈ ਵੀ ਇਕ ਹੈਲਪਲਾਈਨ ਨੰਬਰ 0172-2700217 ਜਾਰੀ ਕੀਤਾ ਗਿਆ ਹੈ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

 


Anuradha

Content Editor

Related News