ਨਗਰ ਕੌਂਸਲ ਵੱਲੋਂ ਨਿਕਾਸੀ ਨਾਲਿਆਂ ਨੂੰ ਬੰਦ ਕਰ ਦੇਣ ਦਾ ਸੰਤਾਪ ਭੁਗਤ ਰਹੇ ਹਨ ਲੋਕ
Tuesday, Jul 24, 2018 - 03:04 AM (IST)

ਡੇਰਾ ਬਾਬਾ ਨਾਨਕ, (ਵਤਨ)- ਕਸਬੇ ਵਿਚ ਅਜੇ ਤੱਕ ਬਰਸਾਤਾਂ ਦੇ ਮੌਸਮ ਦੇ ਦੋ ਕੁ ਹੀ ਮੀਂਹ ਪਏ ਹਨ ਪਰ ਮਾਮੂਲੀ ਜਿਹੀ ਬਰਸਾਤ ਵੀ ਕਸਬੇ ਦੇ ਲੋਕਾਂ ਲਈ ਆਫਤ ਬਣ ਜਾਂਦੀ ਹੈ ਜਦੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਦੁਕਾਨਦਾਰਾਂ ਦੀਆਂ ਦੁਕਾਨਾਂ ਵਿਚ ਚਲਾ ਜਾਂਦਾ ਹੈ।
ਪਿਛਲੇ ਕਈ ਦਹਾਕਿਆਂ ਤੋਂ ਕਸਬੇ ਦੇ ਗੰਦੇ ਪਾਣੀ ਦੇ ਨਿਕਾਸ ਲਈ ਨਿਕਾਸੀ ਨਾਲੇ ਅਹਿਮ ਭੂਮਿਕਾ ਨਿਭਾਅ ਰਹੇ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਸਥਾਨਕ ਨਗਰ ਕੌਂਸਲ ਵੱਲੋਂ ਗਲੀਆਂ ਤੇ ਬਾਜ਼ਾਰਾਂ ਦਾ ਪਾਣੀ ਜਿਨ੍ਹਾਂ ਨਾਲਿਆਂ ਵਿਚ ਪੈ ਰਿਹਾ ਸੀ, ਉਨ੍ਹਾਂ ਨਾਲਿਆਂ ਦਾ ਕੁਨੈਕਸ਼ਨ ਸੀਵਰੇਜ ਸਿਸਟਮ ਨਾਲ ਜੋਡ਼ ਦਿੱਤਾ ਹੈ, ਇਸ ਕਾਰਨ ਬਰਸਾਤਾਂ ਦਾ ਪਾਣੀ ਸੀਵਰੇਜ ਸਿਸਟਮ ਨੂੰ ਬੰਦ ਕਰ ਦਿੰਦਾ ਹੈ ਅਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਵਿਚ ਚਲਾ ਜਾਂਦਾ ਹੈ।
ਨਗਰ ਕੌਂਸਲ ਵੱਲੋਂ ਕਸਬੇ ਦੇ ਮੇਨ ਨਾਲਿਆਂ ਨੂੰ ਇਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨਾਲਿਆਂ ਦੀ ਸਫਾਈ ਨਾ ਕਰਵਾਉਣ ਕਾਰਨ ਕਸਬੇ ਦੇ ਸਮੁੱਚੇ ਗੰਦੇ ਪਾਣੀ ਦਾ ਨਿਕਾਸ ਸੀਵਰੇਜ ਸਿਸਟਮ ’ਤੇ ਪਾ ਦਿੱਤਾ ਹੈ। ਦੂਸਰੇ ਪਾਸੇ ਹਲਕਾ ਵਿਧਾਇਕ ਵੱਲੋਂ ਕਸਬੇ ਵਿਚ ਦੋ ਥਾਵਾਂ ’ਤੇ ਪਾਰਕ ਬਣਾਉਣ ਦੇ ਐਲਾਨ ਤੋਂ ਬਾਅਦ ਕਸਬੇ ਦੇ ਮੁੱਖ ਪਾਣੀ ਦੀ ਨਿਕਾਸੀ ਵਾਲੇ ਨਾਲੇ ਬੰਦ ਕਰ ਦਿੱਤੇ ਗਏ ਹਨ। ਅਜੇ ਤੱਕ ਕਿਸੇ ਵੀ ਪਾਰਕ ਦੇ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਹੋਇਆ ਜਦਕਿ ਦੂਜੇ ਪਾਸੇ ਇਨ੍ਹਾਂ ਪਾਰਕਾਂ ਦੇ ਨੇਡ਼ਿਓਂ ਲੰਘਦੇ ਨਾਲੇ ਲਗਭਗ ਬੰਦ ਹੋ ਚੁੱਕੇ ਹਨ, ਜਿਸ ਦਾ ਸੰਤਾਪ ਡੇਰਾ ਬਾਬਾ ਨਾਨਕ ਦੇ ਲੋਕ ਭੁਗਤ ਰਹੇ ਹਨ।
ਨਿਕਾਸ ਨਾਲਿਆਂ ਦੀ ਸਫਾਈ ਤੁਰੰਤ ਕਰਵਾਉਣਗੇ : ਕਾਰਜਸਾਧਕ ਅਫਸਰ
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਨਿਕਾਸ ਨਾਲਿਆਂ ਦੀ ਸਫਾਈ ਤੁਰੰਤ ਕਰਵਾਉਣਗੇ ਅਤੇ ਸੀਵਰੇਜ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਾਮਲਾ ਲਿਆ ਕੇ ਜਲਦ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਕਸਬੇ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਵਿਚ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ।
ਕੀ ਕਹਿਣੈ ਕਸਬੇ ਦੇ ਦੁਕਾਨਦਾਰਾਂ ਦਾ
ਕਸਬੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਕਾਸੀ ਨਾਲਿਆਂ ਦੀ ਸਫਾਈ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਬਰਸਾਤਾਂ ਦਾ ਪਾਣੀ ਸਹੀ ਸਮੇਂ ’ਤੇ ਨਿਕਲ ਸਕੇ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।