ਡਾਇਰੈਕਟਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ ਪਿਮਸ ਨੂੰ ਭੇਜਿਆ ਡਿਮਾਂਡ ਨੋਟਿਸ
Tuesday, Mar 27, 2018 - 07:06 AM (IST)

ਜਲੰਧਰ, (ਅਮਿਤ) – ਡਾਇਰੈਕਟਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਗੜ੍ਹਾ ਰੋਡ, ਜਲੰਧਰ (ਪਿਮਸ) ਦੀ ਪ੍ਰਿੰਸੀਪਲ ਨੂੰ ਇਕ ਡਿਮਾਂਡ ਨੋਟਿਸ ਭੇਜਿਆ ਹੈ। ਜਿਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਵਕੀਲ ਆਰ. ਕਾਰਤੀਕੇ ਵੱਲੋਂ ਉਨ੍ਹਾਂ ਨੂੰ ਇਕ ਡਿਮਾਂਡ ਨੋਟਿਸ ਪ੍ਰਾਪਤ ਹੋਇਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਪਿਮਸ ਦੀ ਇੰਪਲਾਈਜ਼ ਯੂਨੀਅਨ ਦੇ ਸੈਕਟਰੀ ਡਾ. ਸਾਹਿਲ (ਫਿਜ਼ੀਓਥੈਰੇਪਿਸਟ), ਨਰਿੰਦਰ ਸਿੰਘ (ਲੈਬ ਟੈਕਨੀਸ਼ੀਅਨ), ਰਾਜਿੰਦਰ ਸਿੰਘ (ਪਲੰਬਰ), ਰਵੀ ਕੁਮਾਰ (ਸੀਵਰਮੈਨ), ਰਾਜੇਸ਼ ਕੁਮਾਰ (ਇਲੈਕਟ੍ਰੀਸ਼ੀਅਨ) ਅਤੇ ਹੋਰ ਮੁਲਾਜ਼ਮਾਂ ਵੱਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਪਿਮਸ ਪ੍ਰਬੰਧਨ ਵੱਲੋਂ ਉਨ੍ਹਾਂ ਦੇ ਨਿਯਮਾਂ ਅਨੁਸਾਰ ਸੈੱਲਰੀ ਨਹੀਂ ਦਿੱਤੀ ਜਾ ਰਹੀ ਹੈ। ਡਾਇਰੈਕਟਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ ਆਪਣੇ ਪੱਤਰ ਵਿਚ ਇਸ ਸੰਬੰਧੀ ਸਪੱਸ਼ਟ ਕੀਤਾ ਹੈ ਕਿ ਸਰਕਾਰ ਵੱਲੋਂ ਪਿਮਸ ਨੂੰ ਮੈਡੀਕਲ ਕੋਰਸਾਂ ਲਈ ਮੀਮੋ ਨੰਬਰ 2-77-09-2 ਐੱਚ. ਬੀ. 3-4192 ਮਿਤੀ 05.06.2010 ਵੱਲੋਂ ਜਾਰੀ ਕੀਤੇ ਗਏ ਐੱਨ. ਓ. ਸੀ. ਵਿਚ ਲਗਾਈ ਗਈ ਸ਼ਰਤ ਦੇ ਕਲਾਜ਼ 3 (6) ਵਿਚ ਸਾਫ ਕੀਤਾ ਗਿਆ ਹੈ ਕਿ ਸਟਾਫ ਦਾ ਪੇ-ਸਕੇਲ ਅਤੇ ਕੁੱਲ ਮਿਹਨਤਾਨਾ ਨਿਰਧਾਰਿਤ ਮਾਪਦੰਡਾਂ ਦੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਹੈ।
ਲੇਬਰ ਵਿਭਾਗ ਵਿਚ ਵੀ ਸੈੱਲਰੀ ਨੂੰ ਲੈ ਕੇ ਰੱਖੀ ਸੀ ਮੰਗ, ਨਹੀਂ ਹੋਈ ਕੋਈ ਕਾਰਵਾਈ : ਨਰਿੰਦਰ ਕੁਮਾਰ
ਪਿਮਸ ਇੰਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਨਰਿੰਦਰ, ਜਿਸ ਨੂੰ 28 ਸਤੰਬਰ 2017 ਨੂੰ ਪਿਮਸ ਪ੍ਰਬੰਧਨ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਉਨ੍ਹਾਂ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਵਿਚ ਕਿਹਾ ਕਿ ਪਿਮਸ ਇੰਪਲਾਈਜ਼ ਯੂਨੀਅਨ ਅਤੇ ਪਿਮਸ ਪ੍ਰਬੰਧਨ ਵਿਭਾਗ ਵਿਚ ਆਯੋਜਿਤ ਲਗਭਗ ਹਰ ਮੀਟਿੰਗ ਵਿਚ ਸਹੀ ਸੈੱਲਰੀ ਸਕੇਲ ਦੇਣ ਦੀ ਮੰਗ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਪਿਮਸ ਇੰਪਲਾਈਜ਼ ਯੂਨੀਅਨ ਦੇ ਬੈਨਰ ਹੇਠ ਪਿਮਸ ਅੰਦਰ ਵੱਖ-ਵੱਖ ਕੰਮ ਕਰ ਰਹੇ ਪੈਰਾ ਮੈਡੀਕਲ ਸਟਾਫ, ਜਿਸ ਵਿਚ ਨਰਸਿੰਗ ਸਟਾਫ, ਐਕਸਰੇ ਟੈਕਨੀਸ਼ੀਅਨ, ਬਿਲਿੰਗ ਸਟਾਫ, ਕਲੈਰੀਕਲ ਸਟਾਫ, ਇਲੈਕਟ੍ਰੀਸ਼ੀਅਨ, ਪਲੰਬਰ ਆਦਿ ਵੱਲੋਂ ਰੱਖੀ ਗਈ ਮੰਗ ਨੂੰ ਲੈ ਕੇ ਏ. ਐੱਲ. ਸੀ. ਸੁਖਜਿੰਦਰ ਸਿੰਘ ਸਰਾਂ ਨੇ ਕਿਹਾ ਸੀ ਕਿ ਇਸੈਂਸ਼ੀਅਲ ਸਰਟੀਫਿਕੇਟ ਵਿਚ ਲਿਖੀ ਗਈ ਸੈੱਲਰੀ ਸਕੇਲ ਦੀ ਡਿਟੇਲ ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਡ ਰਿਸਰਚ, ਪੰਜਾਬ ਨੂੰ ਇਕ ਪੱਤਰ ਭੇਜ ਕੇ ਮੰਗੀ ਜਾਵੇਗੀ ਅਤੇ ਜਵਾਬ ਆਉਣ 'ਤੇ ਉਥੋਂ ਪ੍ਰਾਪਤ ਜਾਣਕਾਰੀ (ਸੈੱਲਰੀ ਸਕੇਲ) ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਆਪਣੇ ਪੱਧਰ 'ਤੇ ਲੇਬਰ ਵਿਭਾਗ ਅਧਿਕਾਰੀਆਂ ਨੂੰ ਇਸੈਂਸ਼ੀਅਲ ਸਰਟੀਫਿਕੇਟ ਦੀ ਕਾਪੀ ਪ੍ਰੋਵਾਈਡ ਕਰਵਾ ਦਿੱਤੀ ਸੀ ਪਰ ਅਜੇ ਤੱਕ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋ ਸਕੀ ਹੈ।
ਕੀ ਹਨ ਇੰਪਲਾਈਜ਼ ਵੱਲੋਂ ਭੇਜੇ ਗਏ ਡਿਮਾਂਡ ਨੋਟਿਸ?
ਪਿਮਸ ਦੀ ਇੰਪਲਾਈਜ਼ ਯੂਨੀਅਨ ਦੇ ਮੈਂਬਰਾਂ ਵੱਲੋਂ ਆਪਣੇ ਵਕੀਲ ਆਰ. ਕਾਰਤੀਕੇ ਵੱਲੋਂ ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਪਿੰ੍ਰਸੀਪਲ ਸੈਕਟਰੀ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਡਾਇਰੈਕਟਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਰਵਿਸਸ ਦੇ ਵਾਈਸ ਚਾਂਸਲਰ ਦੇ ਨਾਲ-ਨਾਲ ਪਿਮਸ ਦੀ ਪ੍ਰਿੰਸੀਪਲ ਨੂੰ 15 ਜਨਵਰੀ, 2018 ਨੂੰ ਇਕ ਡਿਮਾਂਡ ਨੋਟਿਸ ਭੇਜਿਆ ਗਿਆ ਸੀ। ਜਿਸ ਵਿਚ ਲਿਖਿਆ ਗਿਆ ਸੀ ਕਿ ਪਿਮਸ ਨੂੰ ਇਕ ਇਸੈਂਸ਼ੀਅਲ ਸਰਟੀਫਿਕੇਟ (ਐੱਨ. ਓ. ਸੀ.) ਜਾਰੀ ਕੀਤਾ ਗਿਆ ਸੀ ਤਾਂ ਜੋ ਉਹ ਵੱਖ-ਵੱਖ ਮੈਡੀਕਲ ਸਹੂਲਤਾਂ ਪ੍ਰਦਾਨ ਕਰ ਸਕਣ। ਪਿਮਸ ਇਸੇ ਇਸੈਂਸ਼ੀਅਲ ਸਰਟੀਫਿਕੇਟ ਦੇ ਆਧਾਰ 'ਤੇ ਮੈਡੀਕਲ ਕਾਲਜ ਚਲਾ ਰਿਹਾ ਹੈ, ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਐਫੀਲੀਏਟਿਡ ਹੈ। ਪੰਜਾਬ ਸਰਕਾਰ ਵੱਲੋਂ ਸਾਫ ਕੀਤਾ ਗਿਆ ਹੈ ਕਿ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਵਿਚ ਸਰਕਾਰੀ ਪੇ-ਸਕੇਲ ਦਿੱਤਾ ਜਾਵੇਗਾ। ਬਾਬਾ ਫਰੀਦ ਯੂਨੀਵਰਸਿਟੀ ਨੇ ਵੀ ਇਸੇ ਤਰ੍ਹਾਂ ਸਾਫ ਕੀਤਾ ਹੋਇਆ ਹੈ ਕਿ ਉਨ੍ਹਾਂ ਨਾਲ ਐਫੀਲੀਏਟਿਡ ਸਾਰੇ ਮੈਡੀਕਲ ਕਾਲਜਾਂ ਵਿਚ ਵੀ ਇਸੇ ਤਰਜ਼ 'ਤੇ ਪੇ-ਸਕੇਲ ਦਿੱਤੇ ਜਾਣੇ ਜ਼ਰੂਰੀ ਹਨ, ਜਦੋਂਕਿ ਪਿਮਸ ਵਿਚ ਇਸ ਨਿਯਮ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਅਤੇ ਚਿੰਤਪੂਰਨੀ ਮੈਡੀਕਲ ਕਾਲਜ ਟਰੱਸਟ ਨੂੰ ਵੀ ਸਹੀ ਪੇ-ਸਕੇਲ ਨਾ ਦੇਣ 'ਤੇ ਇਸੈਂਸ਼ੀਅਲ ਸਰਟੀਫਿਕੇਟ ਰੱਦ ਹੋਣ ਦਾ ਨਤੀਜਾ ਭੁਗਤਣਾ ਪਿਆ ਸੀ। ਪਿਮਸ ਪ੍ਰਬੰਧਨ ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਦਾ ਪਾਲਣ ਕਰਨ ਦੇ ਲਈ ਪਾਬੰਦ ਹੈ ਪਰ ਇੱਥੇ ਲਗਾਤਾਰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੀ ਸਹੂਲਤ ਅਨੁਸਾਰ ਵੱਖ-ਵੱਖ ਪੇ-ਸਕੇਲ ਦਿੱਤੇ ਜਾ ਰਹੇ ਹਨ। ਇਸ ਲਈ ਸਾਰੇ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਇਸੈਂਸ਼ੀਅਲ ਸਰਟੀਫਿਕੇਟ ਦੇ ਅਨੁਸਾਰ ਬਣਦੇ ਪੇ-ਸਕੇਲ ਦੇਣੇ ਚਾਹੀਦੇ ਹਨ।
ਸਾਨੂੰ ਨਿਆਂ ਪ੍ਰਕਿਰਿਆ 'ਤੇ ਪੂਰਾ ਯਕੀਨ, ਜਲਦੀ ਹੀ ਮਿਲੇਗਾ ਇਨਸਾਫ : ਧਰਮਿੰਦਰ ਕੁਮਾਰ
ਪਿਮਸ ਇੰਪਲਾਈਜ਼ ਯੂਨੀਅਨ ਦੇ ਸਾਬਕਾ ਸੈਕਟਰੀ ਧਰਮਿੰਦਰ ਕੁਮਾਰ, ਜਿਸ ਨੂੰ 28 ਸਤੰਬਰ 2017 ਨੂੰ ਪਿਮਸ ਪ੍ਰਬੰਧਨ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਵੱਖ-ਵੱਖ ਜਗ੍ਹਾ 'ਤੇ ਇਨਸਾਫ ਲਈ ਗੁਹਾਰ ਲਗਾਈ ਗਈ ਹੈ। ਸਾਨੂੰ ਨਿਆਂ ਪ੍ਰਕਿਰਿਆ 'ਤੇ ਪੂਰਾ ਯਕੀਨ ਹੈ ਕਿ ਜਲਦੀ ਹੀ ਸਾਨੂੰ ਇਨਸਾਫ ਮਿਲੇਗਾ। ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤੇ ਹੋਏ ਲਗਭਗ 6 ਮਹੀਨੇ ਹੋ ਚੁੱਕੇ ਹਨ। ਜਿਸਦੇ ਬਾਅਦ ਉਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਉਪਰ ਪੂਰੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਹੈ। ਮੌਜੂਦਾ ਸਮੇਂ ਅੰਦਰ ਉਨ੍ਹਾਂ ਨੂੰ ਖਾਣ ਦੇ ਲਾਲੇ ਤੱਕ ਪਏ ਹਨ। ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਵਿਆਜ 'ਤੇ ਪੈਸੇ ਲੈ ਕੇ ਉਹ ਕਿਸੇ ਤਰ੍ਹਾਂ ਨਾਲ ਆਪਣੇ ਘਰ ਦਾ ਖਰਚਾ ਚਲਾ ਰਹੇ ਹਨ। ਪਿਮਸ ਵੱਲੋਂ ਸਾਨੂੰ ਸਤੰਬਰ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਗਈ। ਇੰਨੀ ਬੁਰੀ ਹਾਲਤ ਹੋਣ 'ਤੇ ਵੀ ਨਾ ਤਾਂ ਪੁਲਸ ਕਮਿਸ਼ਨਰ ਅਤੇ ਨਾ ਹੀ ਡੀ. ਸੀ. ਵੱਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਯਤਨ ਕੀਤਾ ਗਿਆ ਹੈ।
ਲੇਬਰ-ਰੇਟ ਦੇ ਹਿਸਾਬ ਨਾਲ ਦੇ ਰਹੇ ਹਾਂ ਸੈੱਲਰੀ, ਨਿਰਧਾਰਿਤ ਮਾਪਦੰਡਾਂ ਦਾ ਹੋ ਰਿਹੈ ਪਾਲਣ : ਰੈਜ਼ੀਡੈਂਟ ਡਾਇਰੈਕਟਰ
ਪਿਮਸ ਦੇ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਮਸ ਅੰਦਰ ਲੇਬਰ-ਰੇਟ ਦੇ ਹਿਸਾਬ ਨਾਲ ਹੀ ਸੈੱਲਰੀ ਦਿੱਤੀ ਜਾ ਰਹੀ ਹੈ। ਪਿਮਸ ਵਿਚ ਸਾਰੇ ਨਿਰਧਾਰਿਤ ਮਾਪਦੰਡਾਂ ਦਾ ਪੂਰਾ-ਪੂਰਾ ਪਾਲਣ ਕੀਤਾ ਜਾ ਰਿਹਾ ਹੈ।