ਦੀਨਾਨਗਰ: ਵੋਟ ਪਾਉਣ ਸਮੇਂ EVM ਨਾਲ ਲਈਆਂ ਤਸਵੀਰਾਂ ਕੀਤੀਆਂ ਵਾਇਰਲ, ਹੋਇਆ ਮਾਮਲਾ ਦਰਜ
Tuesday, Feb 22, 2022 - 10:19 AM (IST)
 
            
            ਦੀਨਾਨਗਰ (ਕਪੂਰ)- ਵਿਧਾਨ ਸਭਾ ਚੋਣਾਂ ਦੇ ਸਬੰਧ ’ਚ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਹੁਕਮਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਦੀਨਾਨਗਰ ਹਲਕੇ ’ਚ ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥ ’ਚ ਮੋਬਾਇਲ ਅਤੇ ਕੈਮਰਾ ਨਾ ਲੈ ਕੇ ਜਾਣ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਬੀਤੇ ਦਿਨ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਵੱਲੋਂ ਵੋਟਾਂ ਪਾਉਂਦੇ ਸਮੇਂ ਈ. ਵੀ. ਐੱਮ. ਨਾਲ ਲਈਆਂ ਗਈਆਂ ਤਸਵੀਰਾਂ ਵਾਇਰਲ ਹੋ ਗਈਆਂ। ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਨੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ।
ਇਸ ਸਬੰਧ ’ਚ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਉਸੇ ਸਮੇਂ ਉਹ ਹਰਕਤ ’ਚ ਆ ਗਏ ਅਤੇ ਇਲਾਕੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਵੋਟਾਂ ਪਾਉਣ ਸਮੇਂ ਮੋਬਾਇਲ ਅਤੇ ਕੈਮਰੇ ’ਚ ਲਿਜਾਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਈ. ਵੀ. ਐੱਮ. ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਸਬੰਧੀ ਦੀਨਾਨਗਰ ਦੇ ਇਕ ਵਿਅਕਤੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਕੱਲ ਦੇਰ ਰਾਤ ਪੁਲਸ ਵੱਲੋਂ ਸੂਚਨਾ ਦੇਣ ਵਾਲੇ ਨੌਜਵਾਨ ਦੇ ਮੋਬਾਇਲ ਨੰਬਰ ਦਾ ਹਵਾਲਾ ਦਿੰਦੇ ਹੋਏ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਇਸ ਸਬੰਧੀ ਜਦੋਂ ਚੋਣ ਅਧਿਕਾਰੀ ਐੱਸ. ਡੀ. ਐੱਮ. ਨਿਧੀ ਕੁੰਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤਕਨੀਕੀ ਗਲਤੀ ਨੂੰ ਸੁਧਾਰਨ ਲਈ ਕਿਹਾ ਗਿਆ ਹੈ। ਬੀਤੇ ਦਿਨ ਮਾਮਲਾ ਦਰਜ ਹੋਣ ਤੋਂ ਕਈ ਘੰਟੇ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਨੇ ਅਜੇ ਤੱਕ ਹੋਈ ਆਪਣੀ ਗਲਤੀ ਨੂੰ ਨਹੀਂ ਸੁਧਾਰਿਆ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            