ਵਿਰੋਧ ਕਰਨ ਦੀ ਯੋਜਨਾਬੰਦੀ ਬਣਾਉਣ ਲੱਗੇ ਖੋਖਾ ਸੰਚਾਲਕ
Thursday, Mar 01, 2018 - 01:30 AM (IST)

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਨਗਰ ਨਿਗਮ ਮੋਗਾ ਵੱਲੋਂ ਭਾਵੇਂ 6 ਮਹੀਨੇ ਦੀ ਦੇਰੀ ਤੋਂ ਬਾਅਦ ਆਖਿਰਕਾਰ ਹੁਣ 5 ਮਾਰਚ ਨੂੰ ਜਨਰਲ ਹਾਊਸ ਦੀ ਮੀਟਿੰਗ ਕਰ ਕੇ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਤੇਜ਼ੀ ਲਿਆਉਣ ਦੀ ਰੂਪ-ਰੇਖਾ ਤੈਅ ਕੀਤੀ ਗਈ ਹੈ। ਸ਼ਹਿਰ 'ਚ ਚੁੱਕੇ ਗਏ ਖੋਖਿਆਂ ਦੇ ਸੰਚਾਲਕਾਂ ਨੇ ਵੀ ਇਸ ਮੀਟਿੰਗ 'ਚ ਵਿਰੋਧ ਕਰਨ ਦੀ ਅੰਦਰਖਾਤੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਖੋਖਾ ਸੰਚਾਲਕਾਂ ਦਾ ਦੋਸ਼ ਹੈ ਕਿ ਨਿਗਮ ਨੇ ਵਾਅਦਿਆਂ ਅਨੁਸਾਰ ਵੀ ਉਨ੍ਹਾਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਸਥਾਨ ਮੁਹੱਈਆ ਨਹੀਂ ਕਰਵਾਇਆ, ਜਿਸ ਕਾਰਨ 239 ਖੋਖਾ ਸੰਚਾਲਕ ਹੁਣ ਰੋਜ਼ੀ-ਰੋਟੀ ਤੋਂ ਵਾਂਝੇ ਹੋ ਕੇ ਰਹਿ ਗਏ ਹਨ। ਸੂਤਰ ਦੱਸਦੇ ਹਨ ਕਿ ਅੰਦਰਖਾਤੇ ਖੋਖਾ ਸੰਚਾਲਕਾਂ ਵੱਲੋਂ ਮੀਟਿੰਗ ਦਾ ਵਿਰੋਧ ਕਰਨ ਦੀ ਬਣਾਈ ਜਾ ਰਹੀ ਰਣਨੀਤੀ ਦੀ ਨਿਗਮ ਅਧਿਕਾਰੀ ਜਾਣਕਾਰੀ ਇਕੱਠੀ ਕਰ ਰਹੇ ਹਨ।
ਕੌਂਸਲਰਾਂ ਦੀ ਖਿੱਚ-ਧੂਹ ਕਾਰਨ ਸ਼ਹਿਰ 'ਚ ਪਟੜੀ 'ਤੇ ਨਹੀਂ ਆ ਸਕੇ ਵਿਕਾਸ ਕਾਰਜ
ਭਾਵੇਂ ਪਿਛਲੀ ਮੀਟਿੰਗ ਦੌਰਾਨ 25 ਕਰੋੜ ਤੋਂ ਉਪਰ ਦੇ ਵਿਕਾਸ ਕਾਰਜ ਪਾਸ ਕੀਤੇ ਗਏ ਸਨ ਪਰ ਅਜੇ ਵੀ ਇਨ੍ਹਾਂ ਵਿਕਾਸ ਕਾਰਜਾਂ ਦੇ ਪੂਰੀ ਤਰ੍ਹਾਂ ਨਾਲ ਸ਼ੁਰੂ ਨਾ ਹੋਣ ਕਾਰਨ ਸ਼ਹਿਰ ਵਾਸੀ ਖਫਾ ਹਨ। ਸ਼ਹਿਰ ਦੇ ਕੁੱਝ ਵਾਰਡਾਂ ਨੂੰ ਛੱਡ ਕੇ ਸ਼ਹਿਰ 'ਚ ਸੜਕਾਂ, ਸਟਰੀਟ ਲਾਈਟਾਂ ਸਮੇਤ ਅਤੇ ਬੁਨਿਆਦੀ ਸਹੂਲਤਾਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਸ਼ਹਿਰ ਵਾਸੀ ਪਿਛਲੇ 3 ਸਾਲਾਂ ਦੀ ਨਿਗਮ ਕਾਰਵਾਈ ਤੋਂ ਬੇਹੱਦ ਖਫਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਮੇਂ-ਸਮੇਂ 'ਤੇ ਐੱਫ. ਐਂਡ. ਸੀ. ਸੀ. ਕਮੇਟੀ ਦੀ ਮੀਟਿੰਗ 'ਚ ਹੋਣ ਵਾਲੀ ਦੇਰੀ ਵੀ ਵਿਕਾਸ ਕਾਰਜਾਂ ਨੂੰ ਪਟੜੀ 'ਤੇ ਨਹੀਂ ਲਿਆ ਸਕੀ।
ਪ੍ਰੀਮਿਕਸ ਨਾ ਪੈਣ ਕਾਰਨ ਸੜਕਾਂ ਦਾ ਪੱਥਰ ਵੀ ਲੱਗਾ ਉੱਖੜਨ
ਮੋਗਾ ਸ਼ਹਿਰ ਦੇ ਵਾਰਡ ਨੰਬਰ 6,7,27 ਦੇ ਇਲਾਵਾ ਸ਼ਹਿਰ ਦੇ ਕਈ ਵਾਰਡਾਂ 'ਚ ਠੇਕੇਦਾਰਾਂ ਵੱਲੋਂ ਇਕ ਸਾਲ ਪਹਿਲਾਂ ਪਾਏ ਗਏ ਪੱਥਰ 'ਤੇ ਅਜੇ ਤੱਕ ਪ੍ਰੀਮਿਕਸ ਵੀ ਨਹੀਂ ਪਾਇਆ ਗਿਆ ਹੈ, ਜਿਸ ਕਾਰਨ ਇਨ੍ਹਾਂ ਵਾਰਡਾਂ 'ਚ ਜਿਥੇ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ, ਉਥੇ ਹੀ ਪਾਇਆ ਗਿਆ ਪੱਥਰ ਵੀ ਹੁਣ ਉੱਖੜਨ ਲੱਗਾ ਹੈ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਨਿਗਮ ਨੂੰ ਨਵੇਂ ਕਾਰਜਾਂ ਦੇ ਨਾਲ-ਨਾਲ ਪੁਰਾਣੇ ਸ਼ੁਰੂ ਕੀਤੇ ਕਾਰਜਾਂ ਨੂੰ ਮੁਕੰਮਲ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਹੋ ਸਕੇ।
ਸ਼ਹਿਰ ਦੀਆਂ ਬਹੁਗਿਣਤੀ ਸਟਰੀਟ ਲਾਈਟਾਂ ਬੰਦ, ਸ਼ਾਮ ਪੈਂਦੇ ਹੀ ਹਨੇਰੇ 'ਚ ਡੁੱਬ ਜਾਂਦੈ ਸ਼ਹਿਰ
ਮੋਗਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਟਰੀਟ ਲਾਈਟਾਂ ਬੰਦ ਹਨ, ਜਿਸ ਕਾਰਨ ਸ਼ਾਮ ਪੈਂਦੇ ਹੀ ਸ਼ਹਿਰ ਹਨੇਰੇ 'ਚ ਡੁੱਬ ਜਾਂਦਾ ਹੈ। ਸ਼ਹਿਰ ਦੇ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਨਿਗਮ ਦੀ ਮੀਟਿੰਗ 'ਚ ਸ਼ਹਿਰ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰੇ ਅਤੇ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦਾ ਮਾਮਲਾ ਵੀ ਜ਼ਰੂਰ ਜ਼ੋਰਾਂ-ਸ਼ੋਰਾਂ ਨਾਲ ਚੁੱਕੇ।