ਹਾਸੋਹੀਣੀਆਂ ਗੱਲਾਂ ਕਰਨ ਦੀ ਥਾਂ ਢੀਂਡਸਾ ਪਰਿਵਾਰ ਆਪਣਾ ਗੁਨਾਹ ਕਬੂਲ ਕਰੇ : ਭੱਠਲ
Monday, Feb 05, 2018 - 06:47 AM (IST)

ਚੰਡੀਗੜ੍ਹ (ਪਰਾਸ਼ਰ) - ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਅਕਾਲੀ ਦਲ ਦੇ ਸੈਕਟਰੀ ਜਨਰਲ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਉਨ੍ਹਾਂ ਦੇ ਗੈਂਗਸਟਰ ਰਵੀ ਦਿਓਲ ਨਾਲ ਸਬੰਧ ਹੋਣ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਹੈ ਕਿ ਢੀਂਡਸਾ ਪਰਿਵਾਰ ਨੂੰ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਹਾਸੋਹੀਣੀਆਂ ਗੱਲਾਂ ਕਰਨ ਦੀ ਥਾਂ ਆਪਣੇ ਗੁਨਾਹ ਕਬੂਲ ਕਰ ਲੈਣੇ ਚਾਹੀਦੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭੱਠਲ ਨੇ ਕਿਹਾ ਕਿ ਢੀਂਡਸਾ ਨੂੰ 'ਉਲਟਾ ਚੋਰ, ਕੋਤਵਾਲ ਕੋ ਡਾਂਟੇ' ਦੀ ਕਹਾਵਤ ਅਨੁਸਾਰ ਬੇਤੁਕੀਆਂ ਗੱਲਾਂ ਕਰ ਕੇ ਦੂਸਰਿਆਂ 'ਤੇ ਆਪਣੇ ਗੁਨਾਹ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਰਵੀ ਦਿਓਲ ਨੇ ਪੁਲਸ ਸਾਹਮਣੇ ਆਤਮ-ਸਮਰਪਣ ਕਰਨ ਤੋਂ ਬਾਅਦ ਖੁਦ ਬਿਆਨ ਦਿੱਤਾ ਹੈ ਕਿ ਉਸ ਨੂੰ ਜੁਰਮ ਦੀ ਦੁਨੀਆ 'ਚ ਧੱਕਣ ਵਾਲਾ ਕੋਈ ਹੋਰ ਨਹੀਂ, ਸਗੋਂ ਸੁਖਦੇਵ ਸਿੰਘ ਢੀਂਡਸਾ ਦਾ ਓ. ਐੱਸ. ਡੀ. ਅਮਨਵੀਰ ਸਿੰਘ ਚੈਰੀ ਸੀ।
ਰਵੀ ਦਿਓਲ ਅਨੁਸਾਰ ਢੀਂਡਸਾ ਅਤੇ ਉਸ ਦੇ ਸਾਥੀ ਗੈਰ-ਕਾਨੂੰਨੀ ਕੰਮਾਂ 'ਚ ਉਸ ਦਾ ਇਸਤੇਮਾਲ ਕਰਦੇ ਰਹੇ ਹਨ। ਜਦੋਂ ਕਦੇ ਵੀ ਉਹ ਇਨਕਾਰ ਕਰਦਾ ਤਾਂ ਉਹ ਉਸ ਨੂੰ ਡਰਾਉਂਦੇ-ਧਮਕਾਉਂਦੇ ਸਨ।
ਭੱਠਲ ਨੇ ਕਿਹਾ ਕਿ ਢੀਂਡਸਾ ਪਰਿਵਾਰ ਦੇ ਜੁਰਮਾਂ ਦਾ ਸਿਆਸੀ ਅਤੇ ਸਮਾਜਿਕ ਘੜਾ ਉਦੋਂ ਹੀ ਫੁੱਟ ਗਿਆ ਸੀ, ਜਦੋਂ ਉਹ ਪਿਛਲੇ ਸਾਲ ਹਲਕਾ ਸੁਨਾਮ ਛੱਡ ਕੇ ਭੱਜੇ ਸਨ। ਭੱਠਲ ਨੇ ਕਿਹਾ ਕਿ ਜਦੋਂ ਚੋਣਾਂ ਸਮੇਂ ਅਣਗਿਣਤ ਨੌਜਵਾਨ ਢੀਂਡਸਾ ਪਰਿਵਾਰ ਵੱਲੋਂ ਕੀਤੇ ਜ਼ੁਲਮਾਂ ਦੀਆਂ ਕਹਾਣੀਆਂ ਸੁਣਾਉਂਦੇ ਸਨ ਤਾਂ ਮੈਨੂੰ ਭਰੋਸਾ ਨਹੀਂ ਹੁੰਦਾ ਸੀ। ਆਪਣੀ ਲੋਕਪ੍ਰਿਯਤਾ ਦੇ ਗ੍ਰਾਫ 'ਚ ਲਗਾਤਾਰ ਆਉਂਦੀ ਗਿਰਾਵਟ ਵੇਖ ਕੇ ਹੀ ਪਰਮਿੰਦਰ ਸਿੰਘ ਢੀਂਡਸਾ ਨੂੰ ਸੁਨਾਮ ਦੇ ਹਲਕਾ ਲਹਿਰਾਗਾਗਾ ਤੋਂ ਵਿਧਾਨ ਸਭਾ ਚੋਣ ਲੜਨ 'ਤੇ ਮਜਬੂਰ ਹੋਣਾ ਪਿਆ।
ਭੱਠਲ ਨੇ ਕਿਹਾ ਕਿ ਜਿੱਥੋਂ ਤੱਕ ਮੇਰਾ ਅਤੇ ਮੇਰੇ ਪਰਿਵਾਰ ਦਾ ਸੰਬੰਧ ਹੈ, ਮੇਰੇ ਬੇਟੇ ਰਾਹੁਲਇੰਦਰ ਸਿੰਘ ਦੀ ਸਿਹਤ ਕਾਫੀ ਸਮੇਂ ਤੋਂ ਖਰਾਬ ਰਹਿਣ ਕਾਰਨ ਉਹ ਘਰ ਤੋਂ ਘੱਟ ਹੀ ਬਾਹਰ ਆਉਂਦਾ-ਜਾਂਦਾ ਹੈ। ਰਹੀ ਗੱਲ ਰਵੀ ਦਿਓਲ ਵੱਲੋਂ ਢੀਂਡਸਾ ਪਰਿਵਾਰ 'ਤੇ ਲਾਏ ਗਏ ਦੋਸ਼ਾਂ ਦੀ ਤਾਂ ਇਨ੍ਹਾਂ ਦਾ ਜਵਾਬ ਢੀਂਡਸਾ ਪਰਿਵਾਰ ਨੂੰ ਕਾਨੂੰਨ ਸਾਹਮਣੇ ਦੇਣਾ ਹੋਵੇਗਾ, ਕਿਉਂਕਿ ਇਨ੍ਹਾਂ ਦੀ ਆਪਸੀ ਨੇੜਤਾ ਤੋਂ ਦੁਨੀਆ ਭਲੀਭਾਂਤ ਜਾਣੂ ਹੈ।