ਢਿੱਲਵਾਂ ਕਤਲਕਾਂਡ : ਮੁੱਖ ਮੁਲਜ਼ਮ ਨੇ ਪੁਲਸ ਅੱਗੇ ਕੀਤਾ ਆਤਮ-ਸਮਰਪਣ

Friday, Dec 20, 2019 - 12:32 PM (IST)

ਢਿੱਲਵਾਂ ਕਤਲਕਾਂਡ : ਮੁੱਖ ਮੁਲਜ਼ਮ ਨੇ ਪੁਲਸ ਅੱਗੇ ਕੀਤਾ ਆਤਮ-ਸਮਰਪਣ

ਬਟਾਲਾ (ਬੇਰੀ, ਜ. ਬ., ਮਠਾਰੂ, ਖੋਖਰ) : ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧੀਨ ਆਉਂਦੇ ਪਿੰਡ ਢਿੱਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਢਿੱਲਵਾਂ ਨੇ ਬੀਤੇ ਕੱਲ ਬਟਾਲਾ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਕਤਲ ਦੇ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਨੂੰ ਪੁਲਸ ਨੇ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਕੋਲੋਂ ਕਤਲ ਦੀ ਵਾਰਦਾਤ ਨਾਲ ਸਬੰਧਤ ਅਹਿਮ ਖੁਲਾਸੇ ਹਾਸਲ ਕੀਤੇ ਜਾ ਸਕਣ। 

ਉਨ੍ਹਾਂ ਦੱਸਿਆ ਕਿ 18 ਨਵੰਬਰ 2019 ਨੂੰ ਦਲਬੀਰ ਸਿੰਘ ਢਿੱਲਵਾਂ ਦੇ ਹੋਏ ਕਤਲ ਸਬੰਧੀ ਪੁਲਸ ਜ਼ਿਲਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਦੌਰਾਨ ਸਾਹਮਣੇ ਆਏ ਮੁਲਜ਼ਮਾਂ 'ਚੋਂ ਅੰਮ੍ਰਿਤਪਾਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਦਾਲਮ ਨੰਗਲ ਅਤੇ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਰਛਪਾਲ ਸਿੰਘ ਵਾਸੀ ਘਰਾਲਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਐੱਸ. ਐੱਸ. ਪੀ. ਬਟਾਲਾ ਨੇ ਕਿਹਾ ਕਿ ਰਹਿੰਦੇ ਮੁਲਜ਼ਮ ਵੀ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ।


author

Gurminder Singh

Content Editor

Related News