DGP ਨੇ ਲੁਧਿਆਣਾ ਰੇਂਜ ਦੇ IG ਨੂੰ ਖੰਨਾ ਕਾਂਡ ਦੀ ਤੱਥ ਅਧਾਰਤ ਜਾਂਚ ਕਰਨ ਲਈ ਦਿੱਤੇ ਨਿਰਦੇਸ਼

Friday, Apr 17, 2020 - 12:24 AM (IST)

DGP ਨੇ ਲੁਧਿਆਣਾ ਰੇਂਜ ਦੇ IG ਨੂੰ ਖੰਨਾ ਕਾਂਡ ਦੀ ਤੱਥ ਅਧਾਰਤ ਜਾਂਚ ਕਰਨ ਲਈ ਦਿੱਤੇ ਨਿਰਦੇਸ਼

ਚੰਡੀਗਡ਼੍ਹ(ਰਮਨਜੀਤ)- ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਵੀਰਵਾਰ ਨੂੰ ਖੰਨਾ ’ਚ ਵਾਇਰਲ ਹੋਈ ਇਕ ਵੀਡੀਓ ਦੀ ਘਟਨਾ ਤੇ ਧਿਆਨ ਕੇਂਦਰਿਤ ਕਰਦਿਆਂ ਲੁਧਿਆਣਾ ਰੇਂਜ ਦੇ ਆਈ.ਜੀ.ਪੀ. ਜਸਕਰਨ ਸਿੰਘ ਨੂੰ ਇਸ ਮਾਮਲੇ ਦੀ ਤੁਰੰਤ ਤੱਥ ਅਧਾਰਿਤ ਜਾਂਚ ਕਰਨ ਅਤੇ ਜਲਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਜਿਹੇ ਮੁੱਦਿਆਂ ’ਤੇ ਪੰਜਾਬ ਪੁਲਸ ਦੀ ਜ਼ੀਰੋ ਟੌਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਗੁਪਤਾ ਨੇ ਸਪੱਸ਼ਟ ਕੀਤਾ ਕਿ ਜਾਂਚ ਰਿਪੋਰਟ ਦੇ ਅਧਾਰ ’ਤੇ ਦੋਸ਼ੀ ਅਧਿਕਾਰੀਆਂ ਖਿਲਾਫ਼ ਲੋਡ਼ੀਂਦੀ ਕਾਰਵਾਈ ਆਰੰਭੀ ਜਾਵੇਗੀ। ਇਸ ਦੌਰਾਨ ਐੱਸ.ਐੱਸ.ਪੀ. ਖੰਨਾ ਨੇ ਦੱਸਿਆ ਕਿ ਕਿਸਾਨ ਜਗਪਾਲ ਸਿੰਘ ਉਰਫ਼ ਜੋਗੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਦਹੀਨ, ਥਾਣਾ ਸਦਰ ਖੰਨਾ (ਦੋਸ਼ੀ) ਪਹਿਲਾਂ ਹੀ ਖੰਨਾ ਪੁਲਸ ਜ਼ਿਲੇ ’ਚ 15 ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੇਠਲੀ ਅਦਾਲਤ ਨੇ ਉਸਨੂੰ 4 ਮਾਮਲਿਆਂ ’ਚ ਦੋਸ਼ੀ ਪਾਇਆ ਹੈ ਅਤੇ 3 ਕੇਸ ਅਜੇ ਵੀ ਅਦਾਲਤ ’ਚ ਵਿਚਾਰ ਅਧੀਨ ਹਨ।

ਭਾਵੇਂ ਖੰਨਾ ਪੁਲਸ ਨੂੰ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਪਰ ਪੁਲਸ ਨੇ ਇਸ ਵੀਡੀਓ ਦੇ ਅਧਾਰ ’ਤੇ ਸੂ ਮੋਟੋ ਕਾਰਵਾਈ ਕੀਤੀ ਹੈ। ਇਹ ਵੀਡੀਓ ਮੁਲਜ਼ਮ ਦੇ ਸੰਸਕਰਣ ਅਨੁਸਾਰ ਕਰੀਬ 10 ਮਹੀਨੇ ਪੁਰਾਣਾ ਹੈ ਜਦੋਂ ਐਫ.ਆਈ.ਆਰ. ਨੰਬਰ 134 ਮਿਤੀ 13/06/19 ਨੂੰ ਆਈ.ਪੀ.ਸੀ. ਦੀ ਧਾਰਾ 447/511/379 / 506/34 ਤਹਿਤ ਥਾਣਾ ਸਦਰ, ਖੰਨਾ ਵਿਖੇ ਇਕ ਹੋਰ ਵਿਅਕਤੀ ਸਮੇਤ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਮਾਮਲੇ ਦੀ ਪ੍ਰਮਾਣਿਕਤਾ ਸਬੰਧੀ ਪੁਸ਼ਟੀ ਕਰਨ ਲਈ ਐਸ.ਪੀ. (ਐਚ) ਖੰਨਾ ਨੂੰ ਪਹਿਲਾਂ ਹੀ ਜਾਂਚ ਕਰਨ ਲਈ ਕਿਹਾ ਗਿਆ ਹੈ, ਜਿਸ ਨੇ 15 ਅਪ੍ਰੈਲ ਨੂੰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨੌਂ ਸੈਕਿੰਡ ਦੀ ਇਸ ਵੀਡੀਓ ’ਚ ਤਿੰਨ ਵਿਅਕਤੀ ਕਥਿਤ ਤੌਰ ’ਤੇ ਐਸ.ਐਚ.ਓ. ਦੇ ਸਾਹਮਣੇ ਨੰਗੇ ਖਡ਼੍ਹੇ ਹਨ, ਜਿਸ ਦੀ ਅਵਾਜ਼ ਸਿਰਫ਼ ਸੁਣਨਯੋਗ ਹੈ ਪਰ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਐਸ.ਐਸ.ਪੀ. ਅਨੁਸਾਰ ਇਹ ਹੀ ਜਾਂਚ ਦਾ ਵਿਸ਼ਾ ਹੈ।


author

Karan Kumar

Content Editor

Related News